29 ਨੂੰ ਪੈਨਸ਼ਨਰਜ ਕਰਨਗੇ ਸੰਗਰੂਰ ’ਚ ਮਹਾਰੈਲੀ ਪੈਨਸ਼ਨਰਜ ਅਸੋਸੀਏਸ਼ਨ ਨੇ ਨੌਜਵਾਨਾਂ ਅਤੇ ਮਨਰੇਗਾ ਕਾਮਿਆਂ ’ਤੇ ਹੋਏ ਪੁਲਿਸ ਜ਼ਬਰ ਤੇ ਲਾਠੀਚਾਰਜ ਦਾ ਕੀਤਾ ਸਖਤ ਵਿਰੋਧ
Publish Date: Thu, 23 Jul 2026 06:53 PM (IST)
Updated Date: Thu, 23 Jul 2026 06:55 PM (IST)
ਪੈਨਸ਼ਨਰਜ਼ ਅਸੋਸੀਏਸ਼ਨ ਨੇ ਪੁਲਿਸ ਜ਼ਬਰ ਤੇ ਲਾਠੀਚਾਰਜ ਦਾ ਕੀਤਾ ਸਖ਼ਤ ਵਿਰੋਧ ਪੰਜਾਬੀ ਜਾਗਰਣ ਪ੍ਰਤੀਨਿਧ ਕਪੂਰਥਲਾ : ਅੱਜ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਸਰਕਲ ਕਪੂਰਥਲਾ ਦੀ ਵਿਸ਼ੇਸ਼ ਮੀਟਿੰਗ ਸਰਕਲ ਪ੍ਰਧਾਨ ਮੁਹੰਮਦ ਯੂਨਸ ਅੰਸਾਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹਾਜ਼ਰ ਅਹੁਦੇਦਾਰਾਂ ਤੇ ਮੈਂਬਰਾਂ ਵਿਚ ਪਿਆਰਾ ਸਿੰਘ ਚੰਦੀ ਸਰਕਲ ਸਕੱਤਰ, ਸਵਿੰਦਰ ਸਿੰਘ ਬੁਟਾਰੀ ਵਿੱਤ ਸਕੱਤਰ, ਜਗਮੋਹਨ ਸਿੰਘ ਮੀਤ ਪ੍ਰਧਾਨ, ਸਰੂਪ ਸਿੰਘ ਰਾਣਾ, ਹਰਪਾਲ ਸਿੰਘ ਆਦਿ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਹੋਏ ਵਾਅਦਿਆਂ ਵਿੱਚੋਂ ਕਿਸੇ ਨੂੰ ਵੀ ਪੂਰਾ ਨਹੀਂ ਕੀਤਾ, ਸਗੋਂ ਮਹਿੰਗਾਈ ਭੱਤੇ ਨੂੰ ਤਨਖਾਹ ਤੇ ਪੈਨਸ਼ਨ ਨਾਲੋਂ ਡੀ-ਲਿੰਕ ਕਰਨ ਤੇ ਤੁਲੀ ਹੋਈ ਹੈ। ਪੈਨਸ਼ਨਰਜ਼ ਐਸੋਸੀਏਸ਼ਨ ਇਸ ਦਾ ਪੁਰਜ਼ੋਰ ਵਿਰੋਧ ਕਰਦੀ ਹੈ ਕਿਉਂਕਿ ਮਹਿੰਗਾਈ ਭੱਤਾ ਵਧੀ ਹੋਈ ਮਹਿੰਗਾਈ ਦੀ ਰਕਮ ਦੀ ਪੂਰਤੀ ਲਈ ਹੁੰਦਾ ਹੈ ਤੇ ਦਹਾਕਿਆਂ ਤੋਂ ਮਿਲ ਰਹੇ ਮਹਿੰਗਾਈ ਭੱਤੇ ਨੂੰ ਰੋਕਣਾ ਜਾਂ ਬੰਦ ਕਰਨਾ ਸੰਵਿਧਾਨ ਦੀ ਮੂਲ-ਭਾਵਨਾ ਦੇ ਉਲਟ ਹੈ ਤੇ ਇਹ ਮਹਿੰਗਾਈ ਭੱਤਾ ਕੇਂਦਰ ਸਰਕਾਰ ਤੇ ਸਾਰੀਆਂ ਹੀ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲ ਰਿਹਾ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦਾ ਬਕਾਇਆ 18% ਡੀਏ ਦੇਣ ਤੋਂ ਟਾਲਾ ਵੱਟ ਰਹੀ ਹੈ, ਪੈਨਸ਼ਨਰਾਂ ਨੂੰ 2-59 ਦੇ ਫੈਕਟਰ ਮੁਤਾਬਿਕ ਪੈਨਸ਼ਨਾਂ ਦੀ ਸੋਧ ਕਰਨ ਤੋਂ ਇਨਕਾਰੀ ਹੈ, ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਪੂਰੀ ਤਰਾਂ ਨਾਲ ਲਾਗੂ ਨਹੀਂ ਕੀਤਾ ਗਿਆ, ਸਗੋਂ ਵਿਕਾਸ ਟੈਕਸ ਦੇ ਨਾਮ ’ਤੇ 200 ਰੁਪਏ ਪ੍ਰਤੀ ਮਹੀਨਾ ਜਜ਼ੀਆ ਟੈਕਸ ਪੈਨਸ਼ਨਰਾਂ ਦੀਆਂ ਜੇਬਾਂ ਵਿਚੋਂ ਵਸੂਲਿਆ ਜਾ ਰਿਹਾ ਹੈ। ਇਨ੍ਹਾਂ ਮੰਗਾਂ ਪ੍ਰਤੀ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਦਿੱਤੇ ਗਏ ਸੱਦੇ ਮੁਤਾਬਿਕ ਪੈਨਸ਼ਨਰਜ਼ ਅਸੋਸੀਏਸ਼ਨ ਦੇ ਵੱਡੀ ਗਿਣਤੀ ਵਿੱਚ ਪੈਨਸ਼ਨਰ 29 ਜੁਲਾਈ ਨੂੰ ਸੰਗਰੂਰ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਮਹਾਰੈਲੀ ਵਿੱਚ ਸ਼ਮੂਲੀਅਤ ਕਰਨਗੇ। ਇਸ ਦੌਰਾਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਉਹ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਨਾ ਕਰੇ ਤੇ ਨੌਜਵਾਨਾਂ, ਮਨਰੇਗਾ ਕਰਮਚਾਰੀਆਂ ਤੇ ਆਗਣਵਾੜੀ ਵਰਕਰਾਂ ਦੀਆਂ ਮੰਗਾਂ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦਾ ਰਾਹ ਲੱਭੇ। ਮੀਟਿੰਗ ਵਿੱਚ ਕ੍ਰਿਸ਼ਨ ਗੋਪਾਲ ਗੱਟੀ, ਅਸ਼ੋਕ ਕੁਮਾਰ, ਬਲਦੇਵ ਰਾਜ, ਗੱਜਣ ਸਿੰਘ, ਖੇਮ ਸਿੰਘ, ਗੁਰਬਚਨ ਚੰਦ ਤੇ ਅਮਰ ਸਿੰਘ ਵਗੈਰਾ ਸ਼ਾਮਲ ਸਨ ।