- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਵਾਰੀਆਂ ਦੀ ਹੜਤਾਲ ਨੇ ਠੱਪ ਕੀਤੇ ਲੋਕਾਂ ਦੇ ਕੰਮ, ਪਟਵਾਰ ਦਫਤਰ ਨੂੰ ਲੱਗਾ ਤਾਲੇ

-ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਦਾ ਖਮਿਆਜ਼ਾ ਭੁਗਤ ਰਹੇ ਲੋਕ : ਅਮਰੀਕ ਸਿੰਘ ਰਾਏ
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ, ਭੁਲੱਥ : ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਸਮੂਹਿਕ ਛੁੱਟੀ ਕਰਕੇ ਕੰਮ-ਕਾਜ ਠੱਪ ਰੱਖਣ ਦੇ ਫੈਸਲੇ ਨੂੰ ਤਹਿਸੀਲ ਭੁਲੱਥ ਦੇ ਪਟਵਾਰੀਆਂ ਵੱਲੋਂ ਪੂਰਾ ਸਮਰਥਨ ਦਿੱਤਾ ਗਿਆ। ਇਸ ਕਾਰਨ ਨਾ ਤਾਂ ਦਫ਼ਤਰੀ ਕੰਮ ਹੋਇਆ ਤੇ ਨਾ ਹੀ ਕੋਈ ਫੀਲਡ ਵਰਕ ਕੀਤਾ ਗਿਆ। ਹੜਤਾਲ ਦੌਰਾਨ ਤਹਿਸੀਲ ਭੁਲੱਥ ਵਿਖੇ ਸਥਿਤ ਪਟਵਾਰ ਖਾਨੇ ਦੇ ਦਰਵਾਜ਼ੇ ’ਤੇ ਤਾਲਾ ਲੱਗਾ ਦੇਖ ਤੇ ਦਫ਼ਤਰ ਵਿੱਚ ਸੁੰਨ ਪਸਰੀ ਰਹੀ ਦੇਖ ਆਪਣਾ ਕੰਮ ਵਾਸਤੇ ਆਏ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਰਾਏ (ਬੋਪਾਰਾਏ) ਨੇ ਕਿਹਾ ਕਿ ਪਟਵਾਰੀਆਂ ਦੀ ਹੜਤਾਲ ਕਾਰਨ ਕਿਸਾਨਾਂ ਸਮੇਤ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਖ-ਵੱਖ ਪਿੰਡਾਂ ਤੋਂ ਆਪਣੇ ਕੰਮਾਂ ਲਈ ਤਹਿਸੀਲ ਭੁਲੱਥ ਪਹੁੰਚੇ ਕਈ ਲੋਕ ਪਟਵਾਰੀਆਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਦੀ ਹੜਤਾਲ ਕਾਰਨ ਨਿਰਾਸ਼ ਹੋ ਕੇ ਬਿਨਾਂ ਕੰਮ ਕਰਵਾਏ ਹੀ ਵਾਪਸ ਮੁੜੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ। ਅਮਰੀਕ ਸਿੰਘ ਰਾਏ ਅਨੁਸਾਰ ਹੈਰਾਨੀ ਹੈ ਕਿ ਤਹਿਸੀਲ ਭੁਲੱਥ ਦੇ 106 ਪਿੰਡਾਂ ਦੇ ਕਰੀਬ ਲਈ ਇਸ ਵੇਲੇ ਕੇਵਲ 7-8 ਪਟਵਾਰੀ ਤਾਇਨਾਤ ਹਨ, ਜਦਕਿ ਲੋੜ ਘੱਟੋ-ਘੱਟ 25 ਪਟਵਾਰੀਆਂ ਦੀ ਹੈ। ਇਸ ਤੋਂ ਇਲਾਵਾ ਪੂਰੀ ਤਹਿਸੀਲ ਵਿੱਚ ਸਿਰਫ਼ ਇੱਕ ਕਾਨੂੰਨਗੋ ਤੇ ਪਟਵਾਰੀਆਂ ਦੀ ਵੱਡੀ ਕਮੀ ਹੋਣ ਕਾਰਨ ਲੋਕਾਂ ਦੇ ਰੋਜ਼ਾਨਾ ਦੇ ਕੰਮ ਵੀ ਕਾਫ਼ੀ ਦੇਰੀ ਨਾਲ ਨਿਪਟਦੇ ਹਨ। ਉਹਨਾਂ ਕਿਹਾ ਕਿ ਪਟਵਾਰੀਆਂ ਸਮੇਤ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਦਾ ਖਮਿਆਜ਼ਾ ਲੋਕ ਭੁਗਤ ਰਹੇ ਹਨ ਅਤੇ ਇਹ ਵੀ ਕਿਹਾ ਕਿ ਸਟਾਫ਼ ਦੀ ਘਾਟ ਕਾਰਨ ਪਹਿਲਾਂ ਹੀ ਲੋਕ ਪ੍ਰੇਸ਼ਾਨ ਹਨ ਹੁਣ ਹੜਤਾਲ ਨੇ ਹੋਰ ਮੁਸ਼ਕਲਾਂ ਵਧਾਈਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਟਵਾਰੀਆਂ ਤੇ ਹੋਰ ਸਰਕਾਰੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ’ਚ ਰੱਖਦਿਆਂ ਮੁਲਾਜ਼ਮਾਂ ਦੀਆਂ ਮੰਗਾਂ ਜਲਦ ਤੋਂ ਜਲਦ ਮੰਨੀਆਂ ਜਾਣ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸਰਕਾਰੀ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਸਰਕਾਰ ਨੂੰ ਪੂਰੇ ਕਰਨੇ ਚਾਹੀਦੇ ਹਨ ਤੇ ਵਾਅਦਾਖ਼ਿਲਾਫ਼ੀ ਤੋਂ ਬਚਣਾ ਚਾਹੀਦਾ ਹੈ।