
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਟਾਊਨ ਹਾਲ ਵਿਖੇ ਕਰਵਾਇਆ ਸੁਤੰਤਰਤਾ ਦਿਵਸ ਨੂੰ ਸਮਰਪਿਤ ‘ਦੇਸ਼ ਭਗਤੀ’ ਸਮਾਗਮ

ਪੰਜਾਬੀ ਜਾਗਰਣ ਪ੍ਰਤੀਨਿੱਧ
ਫਗਵਾੜਾ : ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੇ ਉਪਰਾਲੇ ਸਦਕਾ ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਰੰਗਾਰੰਗ ਦੇਸ਼ ਭਗਤੀ ਪ੍ਰੋਗਰਾਮ ‘ਏਕ ਸ਼ਾਮ, ਸ਼ਹੀਦੋਂ ਕੇ ਨਾਮ’ ਹਰ ਸਾਲ ਦੀ ਤਰ੍ਹਾਂ ਟਾਊਨ ਹਾਲ ਦੇ ਵਿਹੜੇ ‘ਚ ਕੀਤਾ ਗਿਆ। ਨਵਰੰਗ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਐੱਚਐੱਸ ਬਸਰਾ ਤੇ ਜਸਬੀਰ ਸਿੰਘ ਢਿੱਲੋਂ (ਟਿੱਬੀ), ਨੇ ਜਯੋਤੀ ਜਗਾ ਕੇ ਸਮਾਗਮ ਦੀ ਆਰੰਭਤਾ ਕਰਵਾਈ। ਉਪਰੰਤ ਗਾਇਕਾ ਮੀਨੂੰ ਅਟਵਾਲ ਨੇ ਸਤਿਅਮ, ਸ਼ਿਵਮ ਸੁੰਦਰਮ ਗੀਤ ਨਾਲ ਪ੍ਰਮਾਤਮਾ ਦੀ ਅਰਾਧਨਾ ਉਪਰੰਤ ਦੇਸ਼ ਭਗਤੀ ਦੇ ਅਨੇਕਾਂ ਗੀਤਾਂ ਨਾਲ ਸ਼ਾਮ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ। ਐੱਸਡੀ ਪੁੱਤਰੀ ਪਾਠਸ਼ਾਲਾ ਹਦੀਆਬਾਦ ਦੇ ਵਿਦਿਆਰਥੀਆਂ ਨੇ ਨਾਚ, ਕੋਰੀਓਗ੍ਰਾਫੀ, ਭੰਗੜਾ ਤੇ ਗਿੱਧਾ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਹਾਜ਼ਰੀਨ ਦੀ ਵਾਹਵਾਹੀ ਖੱਟੀ। ਸੀਮਾ ਸ਼ਰਮਾ ਨੇ ਵੀ ਦੇਸ਼ ਭਗਤੀ ਦੇ ਗੀਤ ਸੁਣਾ ਕੇ ਸ਼ਹੀਦਾਂ ਨੂੰ ਯਾਦ ਕੀਤਾ। ਜੀਐੱਨਏ ਯੁਨੀਵਰਸਿਟੀ ਵੱਲੋਂ ਪਰਮਜੀਤ ਕੌਰ ਭਾਟੀਆ ਤੇ ਜਤਿੰਦਰ ਸਿੰਘ ਭਾਟੀਆ ਨੇ ਪੇਸ਼ਕਾਰੀਆਂ ਦੇਣ ਵਾਲੇ ਸਮੂਹ ਵਿਦਿਆਰਥੀਆਂ ਤੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ ਗਿਆ।
ਪਤਵੰਤਿਆਂ ਨੇ ਮੋਮਬੱਤੀਆਂ ਜਗਾ ਕੇ ਪਾਰਕ ਵਿੱਚ ਸਥਾਪਤ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਨਮਨ ਕੀਤਾ। ਅਖੀਰ ਵਿੱਚ ‘ਯੇ ਦੇਸ਼ ਹੈ ਵੀਰ ਜਵਾਨੋਂ ਕਾ’ ਗੀਤ ਦੀ ਧੁੰਨ ’ਤੇ ਸਮੂਹ ਹਾਜ਼ਰੀਨ ਨੇ ਭੰਗੜਾ ਪਾ ਕੇ ਆਜ਼ਾਦੀ ਦੀ ਖੁਸ਼ੀ ਸਾਂਝੀ ਕੀਤੀ। ਮੰਚ ਦਾ ਸੰਚਾਲਨ ਡਾ. ਇੰਦਰਜੀਤ ਵੱਲੋਂ ਬਾਖੂਬੀ ਕੀਤਾ ਗਿਆ। ਮਲਕੀਅਤ ਸਿੰਘ ਰਗਬੋਤਰਾ ਨੇ ਸਹਿਯੋਗ ਲਈ ਨਾਵਲਟੀ ਸਵੀਟਸ, ਕਰਿਆਨਾ ਮਰਚੈਂਟ ਐਸੋਸੀਏਸ਼ਨ ਤੇ ਗੁਪਤਾ ਕਲਾਥ ਹਾਉਸ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਸੀਤਾ ਦੇਵੀ, ਗੁਰਪ੍ਰੀਤ ਕੌਰ ਜੰਡੂ, ਸਾਬਕਾ ਕੌਂਸਲਰ ਸਰਬਜੀਤ ਕੌਰ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਸੀਮਾ ਰਾਣਾ, ਨੇਹਾ ਗੁਪਤਾ, ਸਰਬਜੀਤ ਕੌਰ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਚੱਗਰ, ਤਾਰਾ ਚੰਦ ਚੁੰਬਰ, ਭਾਈ ਮਨਜੀਤ ਸਿੰਘ, ਵਿਪਨ ਖੁਰਾਣਾ, ਮਨਜੀਤ ਸਿੰਘ ਥਿੰਦ, ਅਵਤਾਰ ਕੈਲੇ, ਗੁਰਜੀਤ ਵਾਲੀਆ, ਸ਼ਮਾ ਖੁਰਾਨਾ, ਲਲਿਤ ਸ਼ਰਮਾ, ਕ੍ਰਿਸ਼ਨ ਕੁਮਾਰ, ਪਰਮਜੀਤ ਕੌਰ ਭਾਟੀਆ, ਜਤਿੰਦਰ ਭਾਟੀਆ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।