ਹਿੰਦੂ ਕੰਨਿਆ ਕਾਲਜ ਵਿਖੇ 'ਵੰਡ ਦਹਿਸ਼ਤ ਯਾਦਗਾਰੀ ਦਿਵਸ' ਮਨਾਇਆ ਹਿੰਦੂ ਕੰਨਿਆ ਕਾਲਜ ਵਿਖੇ 'ਵੰਡ ਦਹਿਸ਼ਤ ਯਾਦਗਾਰੀ ਦਿਵਸ' ਮਨਾਇਆ ਗਿਆ
Publish Date: Fri, 14 Aug 2026 08:00 PM (IST)
Updated Date: Fri, 14 Aug 2026 08:02 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਹਿੰਦੂ ਕੰਨਿਆ ਕਾਲਜ ਤੇ ਕਾਲਜੀਏਟ ਸਕੂਲ, ਕਪੂਰਥਲਾ ਦੀਆਂ ਐੱਨਐੱਸਐੱਸ ਯੂਨਿਟਾਂ ਨੇ 14 ਅਗਸਤ 2026 ਨੂੰ ਵੰਡ ਦੌਰਾਨ ਭਾਰਤੀਆਂ ਦੇ ਦੁੱਖਾਂ ਨੂੰ ਯਾਦ ਕਰਨ ਲਈ ਵੰਡ ਦਹਿਸ਼ਤ ਯਾਦਗਾਰੀ ਦਿਵਸ (ਵਿਭਾਜਨ ਵਿਭਿਸ਼ਿਕਾ ਸਮ੍ਰਿਤੀ ਦਿਵਸ) ਮਨਾਇਆ, ਜਿਸਦਾ ਮਕਸਦ ਵਿਦਿਆਰਥੀਆਂ ਨੂੰ ਵੰਡ ਦੌਰਾਨ ਵਾਪਰੀਆਂ ਘਟਨਾਵਾਂ ਤੇ ਮਨੁੱਖਤਾ ਦੇ ਘਾਣ ਬਾਰੇ ਜਾਣਕਾਰੀ ਦੇਣਾ ਸੀ। ਇਸ ਮੌਕੇ ਪ੍ਰੋਗਰਾਮ ਅਫ਼ਸਰ ਡਾ. ਅਮਨ ਜੋਤੀ ਨੇ ਵਿਦਿਆਰਥੀਆਂ ਲਈ ਇਸ ਦਿਨ ਦੀ ਇਤਿਹਾਸਕ ਸਾਰਥਕਤਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ 14 ਅਗਸਤ 2021 ਤੋਂ ਭਾਰਤ ਵਿੱਚ ਹਰ ਸਾਲ ਵੰਡ ਦਹਿਸ਼ਤ ਯਾਦਗਾਰੀ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਲੱਖਾਂ ਜਾਨਾਂ ਗੁਆਉਣ ਵਾਲੇ, ਦੱਸ ਤੋਂ ਵੀਹ ਮਿਲੀਅਨ ਲੋਕਾਂ ਦੇ ਵੱਡੇ ਪੱਧਰ ਤੇ ਵਿਸਥਾਪਨ ਤੇ ਸੰਤਾਲੀ ਦੀ ਵੰਡ ਦੌਰਾਨ ਹੋਏ ਡੂੰਘੇ ਦੁੱਖਾਂ ਦਾ ਚੇਤਾ ਕੀਤਾ ਜਾ ਸਕੇ। ਇਹ ਵੰਡ ਸਮੂਚੀ ਲੋਕਾਈ ਦੀਆਂ ਦੁੱਖ ਦੀਆਂ ਘੜੀਆਂ ਨੂੰ ਯਾਦ ਦਿਵਾਉਂਦਾ ਹੈ। ਡਾ. ਅਮਨ ਜੋਤੀ ਨੇ ਵਿਦਿਆਰਥੀਆਂ ਨੂੰ ਯਾਦ ਦਿਵਾਇਆ ਕਿ ਉਹ ਭਾਰਤ ਦੇ ਸਮੁੱਚੇ ਵਿਕਾਸ ਵਿੱਚ ਆਪਣੀਆਂ ਸੇਵਾਵਾਂ ਦਾ ਯੋਗਦਾਨ ਪਾ ਕੇ ਮਿਹਨਤ ਨਾਲ ਪ੍ਰਾਪਤ ਕੀਤੀ ਭਾਰਤੀ ਆਜ਼ਾਦੀ ਨੂੰ ਬਰਕਰਾਰ ਰੱਖਣ। ਵਿਦਿਆਰਥੀਆਂ ਨੂੰ ਇੱਕ ਬਹੁਤ ਹੀ ਭਾਵੁਕ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ, ਜਿਸ ਵਿੱਚ ਦਰਸਾਇਆ ਗਿਆ ਸੀ ਕਿ ਵੰਡ ਦੌਰਾਨ ਕਿਵੇਂ ਬਹੁਤ ਸਾਰੇ ਪਰਿਵਾਰ ਬੇਘਰ ਹੋਏ ਸਨ ਤੇ ਕਈਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਇਸ ਦਿਨ ਨੂੰ ਯਾਦ ਕਰਦਿਆਂ ਆਪਣੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਸਾਰੇ ਭਾਰਤੀਆਂ ਨੂੰ ਸਮਾਜਿਕ ਵੰਡ ਤੇ ਅਸੰਤੁਸ਼ਟੀ ਨੂੰ ਦੂਰ ਕਰਨ ਤੇ ਏਕਤਾ, ਸਮਾਜਿਕ ਸਦਭਾਵਨ ਤੇ ਮਨੁੱਖੀ ਸਸ਼ਕਤੀਕਰਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਦੀ ਯਾਦ ਦਿਵਾਉਣਾ ਹੈ। ਇਸ ਸਮਾਗਮ ਵਿੱਚ 117 ਵਿਦਿਆਰਥੀ ਵਲੰਟੀਅਰਾਂ ਨੇ ਹਿੱਸਾ ਲਿਆ। ਕਾਲਜ ਤੇ ਕਾਲਜੀਏਟ ਸਕੂਲ ਦੀਆਂ ਐੱਨਐੱਸਐੱਸ ਯੂਨਿਟਾਂ ਤੋਂ ਸਾਰੇ ਪ੍ਰੋਗਰਾਮ ਅਫਸਰ ਡਾ. ਸੁਵਿਤ, ਹਰਦੀਪ ਕੌਰ, ਮੁਕਤੀ ਤੇ ਸ਼੍ਰੀਮਤੀ ਰੀਨਾ ਸਲੋਤਾ ਇਸ ਸਮਾਗਮ ਵਿੱਚ ਮੌਜੂਦ ਸਨ। ਪ੍ਰੋਗਰਾਮ ਅਫ਼ਸਰ ਰਮਨਦੀਪ ਕੌਰ ਨੇ ਇਸ ਸਮਾਗਮ ਦੀ ਕੁਸ਼ਲਤਾ ਨਾਲ ਮੇਜ਼ਬਾਨੀ ਕੀਤੀ।