ਝੋਟਾ ਆਪਣੀ ਵੱਖਰੀ ਪਹਿਚਾਣ ਬਣਾ ਗਿਆ : ਸੁਰਜੀਤ ਸਿੰਘ ਨੌਜਵਾਨ ਪੀੜ੍ਹੀ ਨੂੰ ਇਸ ਸਮਾਜਿਕ ਬੁਰਾਈ ਤੋਂ ਬਚਾਉਣ ਲਈ ਅਹਿਮ ਯੋਗਦਾਨ ਪਾਇਆ : ਸੁਰਜੀਤ ਸਿੰਘ
Publish Date: Fri, 16 Oct 2026 08:06 PM (IST)
Updated Date: Fri, 16 Oct 2026 08:09 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਬਹੁਜਨ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਨੇ ਪੰਜਾਬ ਦੇ ਪ੍ਰਸਿੱਧ ਨਸ਼ਾ ਵਿਰੋਧੀ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ’ਤੇ ਡੂੰਘੇ ਦੁੱਖ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਹ ਘਟਨਾ ਸਿਰਫ਼ ਇੱਕ ਵਿਅਕਤੀ ਦਾ ਕਤਲ ਨਹੀਂ, ਸਗੋਂ ਪੰਜਾਬ ਵਿਚ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਹਰ ਜਾਗਰੂਕ ਨਾਗਰਿਕ ਤੇ ਹਮਲਾ ਹੈ। ਪਰਵਿੰਦਰ ਸਿੰਘ ਝੋਟਾ ਨੇ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਦੇ ਖ਼ਾਤਮੇ ਲਈ ਮੁਹਿੰਮ ਚਲਾਈ ਤੇ ਨੌਜਵਾਨ ਪੀੜ੍ਹੀ ਨੂੰ ਇਸ ਸਮਾਜਿਕ ਬੁਰਾਈ ਤੋਂ ਬਚਾਉਣ ਲਈ ਅਹਿਮ ਯੋਗਦਾਨ ਪਾਇਆ। ਉਹ ਨਸ਼ਿਆਂ ਦੀ ਵਿਕਰੀ ਤੇ ਪ੍ਰਸਾਰ ਦੇ ਖ਼ਿਲਾਫ਼ ਨਿਰੰਤਰ ਆਵਾਜ਼ ਉਠਾਉਂਦੇ ਰਹੇ ਤੇ ਆਪਣੇ ਸੰਘਰਸ਼ ਕਾਰਨ ਪੰਜਾਬ ਦੇ ਲੋਕਾਂ ਵਿਚ ਇੱਕ ਵੱਖਰੀ ਪਹਿਚਾਣ ਬਣਾਉਣ ਵਿੱਚ ਸਫਲ ਰਹੇ। ਉਨ੍ਹਾਂ ਕਿਹਾ ਕਿ ਝੋਟਾ ਦੀ ਹੱਤਿਆ ਨੇ ਸੂਬੇ ਦੀ ਕਾਨੂੰਨ-ਵਿਵਸਥਾ ਤੇ ਨਸ਼ਿਆਂ ਖ਼ਿਲਾਫ਼ ਲੜਾਈ ਸਬੰਧੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ ਅਜਿਹਾ ਵਿਅਕਤੀ ਜੋ ਸਮਾਜ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਗਰਮ ਰਿਹਾ ਤੇ ਲੋਕਾਂ ਨੂੰ ਜਾਗਰੂਕ ਕਰਦਾ ਰਿਹਾ, ਉਸ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਦਿੱਤੀਆਂ ਜਾਣਾ ਬਹੁਤ ਹੀ ਦੁੱਖਦਾਈ ਤੇ ਨਿੰਦਣਯੋਗ ਹੈ। ਖ਼ਬਰਾਂ ਅਨੁਸਾਰ ਉਨ੍ਹਾਂ ਦੀ ਮੌਤ ਮਾਨਸਾ ਵਿੱਚ ਇੱਕ ਮੈਡੀਕਲ ਸਟੋਰ ਤੇ ਹੋਈ ਗੋਲੀਬਾਰੀ ਦੌਰਾਨ ਹੋਈ, ਜਿਸ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੁਰਜੀਤ ਸਿੰਘ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਤੇ ਸਮਾਂਬੱਧ ਜਾਂਚ ਕਰਵਾਈ ਜਾਵੇ ਤੇ ਇਸ ਘਿਨਾਉਣੇ ਕਤਲ ਦੇ ਜ਼ਿੰਮੇਵਾਰ ਹਰੇਕ ਵਿਅਕਤੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ। ਇਸ ਦੇ ਨਾਲ ਹੀ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਤੱਤਾਂ ਖ਼ਿਲਾਫ਼ ਬਿਨਾਂ ਕਿਸੇ ਭੇਦਭਾਵ ਦੇ ਵਿਆਪਕ ਮੁਹਿੰਮ ਚਲਾਈ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਹਮੇਸ਼ਾ ਸਮਾਜਿਕ ਨਿਆਂ, ਕਾਨੂੰਨ ਦੇ ਰਾਜ ਤੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਰਹੀ ਹੈ। ਪਾਰਟੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ ਤੇ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਪੰਜਾਬ ਦੇ ਨੌਜਵਾਨਾਂ ਤੇ ਸਮਾਜ ਸੇਵਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਨਸ਼ਾ ਮੁਕਤ ਪੰਜਾਬ ਦੀ ਉਸ ਸੋਚ ਨੂੰ ਅੱਗੇ ਵਧਾਉਣ, ਜਿਸ ਲਈ ਪਰਵਿੰਦਰ ਸਿੰਘ ਝੋਟਾ ਨੇ ਆਪਣੀ ਜ਼ਿੰਦਗੀ ਸਮਰਪਿਤ ਕੀਤੀ।