ਦੀ ਹਾਕਵਰਲਡ ਸਕੂਲ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਦੀ ਹਾਕਵਰਲਡ ਸਕੂਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Publish Date: Wed, 02 Sep 2026 09:30 PM (IST)
Updated Date: Thu, 03 Sep 2026 04:07 AM (IST)
ਕੈਪਸ਼ਨ: 2ਕੇਪੀਟੀ20 ਦੀ ਹਾਕਵਰਲਡ ਸਕੂਲ ਤਲਵੰਡੀ ਚੌਧਰੀਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਧਾਰਮਿਕ ਸਮਾਗਮ ਦੌਰਾਨ ਹਾਜ਼ਰ ਸਕੂਲ ਪ੍ਰਧਾਨ ਕੈਪਟਨ ਤੇਜਿੰਦਰ ਸਿੰਘ, ਉਪ ਪ੍ਰਧਾਨ ਜਸਵਿੰਦਰ ਸਿੰਘ, ਪ੍ਰਿੰਸੀਪਲ ਸ਼ਵੇਤਾ ਮਹਿਤਾ ਤੇ ਸਟਾਫ਼। ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀ ਹਾਕਵਰਲਡ ਸਕੂਲ ਤਲਵੰਡੀ ਚੌਧਰੀਆਂ ਵਿਖੇ ਸ਼ਰਧਾ, ਸਤਿਕਾਰ ਅਤੇ ਆਧਿਆਤਮਿਕ ਮਾਹੌਲ ’ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਇਸ ਪਵਿੱਤਰ ਮੌਕੇ ਸਕੂਲ ਦਾ ਸਮੁੱਚਾ ਵਾਤਾਵਰਣ ਗੁਰਬਾਣੀ ਦੇ ਰਸਭਿੰਨੇ ਕੀਰਤਨ, ਸਿਮਰਨ ਅਤੇ ਸੇਵਾ ਦੀ ਸੁਗੰਧ ਨਾਲ ਮਹਿਕ ਉੱਠਿਆ। ਸਮੂਹ ਹਾਕਵਰਲਡ ਪਰਿਵਾਰ ਵੱਲੋਂ ਗੁਰੂ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੌਰਾਨ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੂਹ ਸਟਾਫ਼ ਨੇ ਪੂਰੀ ਸ਼ਰਧਾ ਨਾਲ ਹਾਜ਼ਰੀ ਭਰੀ। ਪਾਠ ਉਪਰੰਤ ਗੁਰਬਾਣੀ ਕੀਰਤਨ ਅਤੇ ਅਰਦਾਸ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ, ਗੁਰਬਾਣੀ ਦੀ ਜੀਵਨ-ਜਾਚ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਸੱਚ, ਨਿਮਰਤਾ, ਦਇਆ, ਸੇਵਾ ਤੇ ਮਨੁੱਖਤਾ ਦੇ ਮਾਰਗ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਵਿਸ਼ੇਸ਼ ਮਹਿਮਾਨਾਂ ਨੇ ਵੀ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ। ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਆਪਣੀ ਧਾਰਮਿਕ ਵਿਰਾਸਤ, ਗੁਰਬਾਣੀ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।ਸਕੂਲ ਦੇ ਪ੍ਰਧਾਨ ਕੈਪਟਨ ਤੇਜਿੰਦਰ ਸਿੰਘ ਜੀ ਨੇ ਸਮੂਹ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਹੈ ਅਤੇ ਸੱਚ, ਸੇਵਾ, ਸਿਮਰਨ, ਨਿਮਰਤਾ ਤੇ ਮਨੁੱਖਤਾ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਨਾ ਸਮੇਂ ਦੀ ਅਹਿਮ ਲੋੜ ਹੈ। ਉਪ ਪ੍ਰਧਾਨ ਜਸਵਿੰਦਰ ਸਿੰਘ ਜੀ ਨੇ ਕਿਹਾ ਕਿ ਅਜਿਹੇ ਪਵਿੱਤਰ ਸਮਾਗਮ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਅਤੇ ਮਹਾਨ ਵਿਰਾਸਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਕੂਲ ਦੀ ਪ੍ਰਿੰਸੀਪਲ ਸ਼ਵੇਤਾ ਮਹਿਤਾ ਨੇ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਅੰਦਰ ਚੰਗੇ ਸੰਸਕਾਰ, ਨੈਤਿਕ ਮੁੱਲ ਅਤੇ ਆਧਿਆਤਮਿਕ ਸੋਚ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਵਿਦਿਆਰਥੀਆਂ ਨੂੰ ਇੱਕ ਚੰਗਾ ਇਨਸਾਨ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਪ੍ਰੇਰਣਾ ਦਿੰਦੀਆਂ ਹਨ। ਸਮਾਗਮ ਦੇ ਅੰਤ ’ਚ ਅਰਦਾਸ ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ। ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਨੇ ਪੂਰੀ ਸ਼ਰਧਾ ਤੇ ਸੇਵਾ ਭਾਵਨਾ ਨਾਲ ਲੰਗਰ ਦੀ ਸੇਵਾ ਵਿੱਚ ਹਿੱਸਾ ਲਿਆ। ਇਸ ਦੌਰਾਨ ਸਕੂਲ ਦਾ ਮਾਹੌਲ ‘ਵਾਹਿਗੁਰੂ’ ਦੇ ਸਿਮਰਨ ਅਤੇ ਸੇਵਾ ਦੀ ਭਾਵਨਾ ਨਾਲ ਗੂੰਜਦਾ ਰਿਹਾ। ਇਸ ਪਾਵਨ ਸਮਾਗਮ ਨੇ ਸਮੂਹ ਹਾਕਵਰਲਡ ਪਰਿਵਾਰ ਨੂੰ ਗੁਰਬਾਣੀ, ਸਿਮਰਨ, ਸੇਵਾ ਅਤੇ ਮਨੁੱਖਤਾ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸਮਾਗਮ ਵਿਦਿਆਰਥੀਆਂ ਦੇ ਮਨਾਂ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਪ੍ਰਤੀ ਸ਼ਰਧਾ ਅਤੇ ਆਪਣੀ ਵਿਰਾਸਤ ਨਾਲ ਜੁੜਨ ਦੀ ਭਾਵਨਾ ਹੋਰ ਮਜ਼ਬੂਤ ਕਰ ਗਿਆ।