ਸਰਕਾਰੀ ਮਿਡਲ ਸਮਾਰਟ ਸਕੂਲ ਕਬੀਰਪੁਰ ’ਚ ਹੋਈ ਮਾਪੇ-ਅਧਿਆਪਕ ਮਿਲਣੀ
ਸਰਕਾਰੀ ਮਿਡਲ ਸਮਾਰਟ ਸਕੂਲ ਕਬੀਰਪੁਰ ’ਚ ਮਾਪੇ-ਅਧਿਆਪਕ ਮਿਲਣੀ, ਸਲਾਨਾ ਨਤੀਜਾ ਘੋਸ਼ਿਤ
Publish Date: Sun, 29 Mar 2026 07:06 PM (IST)
Updated Date: Sun, 29 Mar 2026 07:08 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸਰਕਾਰੀ ਮਿਡਲ ਸਮਾਰਟ ਸਕੂਲ ਕਬੀਰਪੁਰ (ਕਪੂਰਥਲਾ) ਵਿਚ ਸਲਾਨਾ ਨਤੀਜਾ 2025-26 ਦੇ ਐਲਾਨ ਮੌਕੇ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਜਗਦੇਵ ਸਿੰਘ ਕਾਹਲੋਂ ਦੀ ਅਗਵਾਈ ਹੇਠ ਸਮੂਹ ਸਕੂਲ ਸਟਾਫ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੱਖ-ਵੱਖ ਮਹੱਤਵਪੂਰਨ ਮਸਲਿਆਂ ‘ਤੇ ਵਿਸਥਾਰ ਨਾਲ ਗੱਲਬਾਤ ਕੀਤੀ। ਸਮਾਗਮ ਦੀ ਸ਼ੁਰੂਆਤ ਸਲਾਨਾ ਨਤੀਜੇ ਦੇ ਐਲਾਨ ਨਾਲ ਹੋਈ, ਜਿਸ ਦੌਰਾਨ ਵਿਦਿਆਰਥੀਆਂ ਦੀ ਪ੍ਰਗਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। “ਨਵਾਂ ਸੈਸ਼ਨ-ਨਵੀਂ ਉਮੀਦ” ਦੇ ਸੰਦੇਸ਼ ਨਾਲ ਮਾਪਿਆਂ ਨੂੰ ਬੱਚਿਆਂ ਦੀ ਲਗਾਤਾਰ ਤਰੱਕੀ ਲਈ ਪ੍ਰੇਰਿਤ ਕੀਤਾ ਗਿਆ। ਵੱਖ-ਵੱਖ ਜਮਾਤਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਕਾਹਲੋਂ ਵੱਲੋਂ ਮਿਸ਼ਨ ਸਮਰੱਥ 4.0 ਤੇ ਹੁਨਰ ਸਿੱਖਿਆ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਕਾਬਲ ਤੇ ਆਤਮਨਿਰਭਰ ਬਣਾਉਣਾ ਹੈ। ਇਸ ਦੇ ਨਾਲ ਹੀ ਸਿਹਤ ਜਾਗਰੂਕਤਾ ’ਤੇ ਖਾਸ ਧਿਆਨ ਦਿੰਦਿਆਂ ਮਾਪਿਆਂ ਨੂੰ ਵਿਦਿਆਰਥੀਆਂ ਦੀ ਸਿਹਤ ਸੰਭਾਲ ਤੇ ਖ਼ਾਸ ਕਰਕੇ ਲੜਕੀਆਂ ਲਈ ਐੱਚਪੀਵੀ ਵੈਕਸੀਨੇਸ਼ਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਸਕੂਲ ਮੁਖੀ ਵੱਲੋਂ ਐੱਸਐੱਮਐੱਸ ਅਲਰਟ ਸੁਵਿਧਾ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਰਾਹੀਂ ਮਾਪਿਆਂ ਨੂੰ ਬੱਚਿਆਂ ਦੀ ਹਾਜ਼ਰੀ ਤੇ ਹੋਰ ਅਹਿਮ ਸੂਚਨਾਵਾਂ ਸਮੇਂ-ਸਮੇਂ ‘ਤੇ ਪ੍ਰਾਪਤ ਹੋਣਗੀਆਂ। ਅੰਤ ਵਿਚ ਮਾਪਿਆਂ ਨੇ ਸਕੂਲ ਦੇ ਯਤਨਾਂ ਦੀ ਸਰਾਹਨਾ ਕੀਤੀ ਤੇ ਸਕੂਲ ਪ੍ਰਬੰਧਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਚੇਅਰਮੈਨ ਐੱਸਐੱਮਸੀ ਬਲਵੀਰ ਸਿੰਘ, ਸਰਪੰਚ ਜਸਵਿੰਦਰ ਸਿੰਘ, ਮੈਡਮ ਸ਼ਰਨਜੀਤ ਕੌਰ, ਪਰਮਜੀਤ ਕੌਰ, ਸੁਮਨਪ੍ਰੀਤ ਕੌਰ, ਬਲਵਿੰਦਰ ਸਿੰਘ ਤੇ ਸਮੂਹ ਮਾਪੇ ਹਾਜ਼ਰ ਸਨ।