ਛੇ ਪਿੰਡਾਂ ਦੀਆਂ ਪੰਚਾਇਤਾਂ ਕੀਤੀ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ
ਛੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ’ਚ ਸ਼ਮੂਲੀਅਤ
Publish Date: Tue, 31 Mar 2026 09:05 PM (IST)
Updated Date: Tue, 31 Mar 2026 09:07 PM (IST)

ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ ਸਫਾਈ ਤੇ ਸੁੰਦਰਤਾ ਨੂੰ ਬਹਾਲ ਕਰਨ ਲਈ ਚੱਲ ਰਹੀ ਕਾਰਸੇਵਾ ਮੁਹਿੰਮ ਨੂੰ ਲਗਾਤਾਰ ਵੱਡਾ ਸਮਰਥਨ ਮਿਲ ਰਿਹਾ ਹੈ। ਇਸ ਮੁਹਿੰਮ ਦੇ ਦੂਜੇ ਦਿਨ ਵੀ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਵੱਡੀ ਗਿਣਤੀ ਵਿਚ ਭਾਗ ਲਿਆ ਗਿਆ। ਅੱਜ ਦੀ ਕਾਰਸੇਵਾ ਦੌਰਾਨ ਪਿੰਡ ਕੌਲ ਤਲਵੰਡੀ, ਭਾਣੋਲੰਗਾ, ਸਿੱਧਵਾਂ ਦੋਨਾ, ਕਾਹਲਵਾਂ, ਭੰਡਾਲ ਦੋਨਾ ਤੇ ਖੈੜਾ ਦੋਨਾ ਸਮੇਤ ਹੋਰ ਕਈ ਪਿੰਡਾਂ ਦੀਆਂ ਪੰਚਾਇਤਾਂ ਤੇ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਪਵਿੱਤਰ ਵੇਈਂ ਦੀ ਸਫਾਈ ਤੇ ਸੰਭਾਲ ਵਿਚ ਯੋਗਦਾਨ ਪਾਇਆ। ਪਿੰਡਾਂ ਦੀਆਂ ਸੰਗਤਾਂ ਰੋਜ਼ਾਨਾ ਗਰੁੱਪਾਂ ਵਿਚ ਪਹੁੰਚ ਕੇ ਇਸ ਸੇਵਾ ਨੂੰ ਲਗਾਤਾਰ ਅੱਗੇ ਵਧਾ ਰਹੀਆਂ ਹਨ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਨੇਕੀ ਨੇ ਦੱਸਿਆ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਕੱਠਾ ਕਰਕੇ ਸ਼ੁਰੂ ਕੀਤੀ ਗਈ ਇਹ ਕਾਰਸੇਵਾ ਨਾ ਸਿਰਫ਼ ਵਾਤਾਵਰਣ ਸੰਭਾਲ ਲਈ ਮਹੱਤਵਪੂਰਨ ਹੈ, ਸਗੋਂ ਪਿੰਡਾਂ ਵਿਚ ਭਾਈਚਾਰੇ ਤੇ ਸਾਂਝੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਨਾਲ ਲੋਕਾਂ ਵਿਚ ਜਾਗਰੂਕਤਾ ਵਧਦੀ ਹੈ ਤੇ ਮਿਲਜੁਲ ਕੇ ਵੱਡੇ ਤੋਂ ਵੱਡਾ ਕੰਮ ਵੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਵੱਖ-ਵੱਖ ਪਿੰਡਾਂ ਤੋਂ ਆਈਆਂ ਸੰਗਤਾਂ ਨੇ ਵੀ ਸੰਤ ਸੀਚੇਵਾਲ ਦੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਦੀ ਦੂਰਅੰਦੇਸ਼ੀ ਤੇ ਵਚਨਬੱਧਤਾ ਕਾਰਨ ਹੀ ਪਹਿਲਾਂ ਵੀ ਕਈ ਮੁਸ਼ਕਲ ਕੰਮ ਸਫਲਤਾਪੂਰਵਕ ਪੂਰੇ ਕੀਤੇ ਗਏ ਹਨ। ਸੰਗਤਾਂ ਨੇ ਇਹ ਵੀ ਵਿਸ਼ਵਾਸ ਜਤਾਇਆ ਕਿ ਇਸ ਸਾਂਝੇ ਉਪਰਾਲੇ ਨਾਲ ਪਵਿੱਤਰ ਕਾਲੀ ਵੇਈਂ ਦੀ ਪੁਰਾਤਨ ਰੂਪ-ਰੇਖਾ ਨੂੰ ਨਵਾਂ ਰੂਪ ਮਿਲੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਇਕ ਪ੍ਰੇਰਣਾਦਾਇਕ ਉਦਾਹਰਨ ਸਾਬਤ ਹੋਵੇਗੀ। ਜ਼ਿਕਰਯੋਗ ਹੈ ਕਿ ਕਾਰਸੇਵਾ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਣ ਲਈ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਆਪਣੀ ਭਾਗੀਦਾਰੀ ਯਕੀਨੀ ਬਣਾਈ ਜਾ ਰਹੀ ਹੈ, ਜੋ ਕਿ ਸਾਂਝੇ ਯਤਨਾਂ ਦੀ ਤਾਕਤ ਨੂੰ ਦਰਸਾਉਂਦੀ ਹੈ।