ਜ਼ਿਲ੍ਹੇ ‘ਚ ਝੋਨੇ ਦੀ ਖ਼ਰੀਦ ਦਾ ਸੀਜ਼ਨ ਅੰਤਿਮ ਪੜਾਅ ਵੱਲ ਵਧਿਆ ਜ਼ਿਲ੍ਹੇ ‘ਚ ਝੋਨੇ ਦੀ ਖ਼ਰੀਦ ਦਾ ਸੀਜ਼ਨ ਅੰਤਿਮ ਪੜਾਅ ਵੱਲ ਵਧਿਆ
Publish Date: Fri, 30 Oct 2026 07:27 PM (IST)
Updated Date: Fri, 30 Oct 2026 07:28 PM (IST)
--7.88 ਲੱਖ ਮੀਟ੍ਰਿਕ ਟਨ ਦੇ ਟੀਚੇ ਦੇ ਮੁਕਾਬਲੇ 7.76 ਲੱਖ ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ --ਕਿਸਾਨਾਂ ਨੂੰ 1843.66 ਕਰੋੜ ਰੁਪਏ ਦੀ ਅਦਾਇਗੀ, 100 ਫ਼ੀਸਦੀ ਭੁਗਤਾਨ ਮੁਕੰਮਲ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹੇ ਵਿੱਚ ਖ਼ਰੀਦ ਏਜੰਸੀਆਂ ਵੱਲੋਂ 7,88,272 ਮੀਟ੍ਰਿਕ ਟਨ ਦੀ ਸੰਭਾਵਿਤ ਆਮਦ ਦੇ ਮੁਕਾਬਲੇ 7,76,063 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਝੋਨੇ ਦੀ ਨਿਰਵਿਘਨ ਤੇ ਸੁਚਾਰੂ ਖ਼ਰੀਦ ਦਾ ਸੀਜ਼ਨ ਆਪਣੇ ਅੰਤਿਮ ਪੜਾਅ ਵੱਲ ਵੱਧ ਗਿਆ ਹੈ। ਖ਼ਰੀਦ ਦੇ ਤਾਜ਼ਾ ਅੰਕੜਿਆਂ ਅਨੁਸਾਰ, ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿੱਚ ਹੁਣ ਤੱਕ ਝੋਨੇ ਦੀ ਕੁੱਲ ਆਮਦ 7,84,996 ਮੀਟ੍ਰਿਕ ਟਨ ਦਰਜ ਕੀਤੀ ਗਈ ਹੈ। ਖ਼ਰੀਦੇ ਗਏ ਝੋਨੇ ਦੀ ਲਿਫ਼ਟਿੰਗ ਵਿੱਚ ਵੀ ਤੇਜ਼ੀ ਆਈ ਹੈ ਤੇ ਹੁਣ ਤੱਕ 6,04,191 ਮੀਟ੍ਰਿਕ ਟਨ ਝੋਨੇ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ, ਜੋ ਕੁੱਲ ਖ਼ਰੀਦ ਦਾ 87.40 ਫ਼ੀਸਦੀ ਬਣਦੀ ਹੈ। ਇਸੇ ਦੌਰਾਨ ਕਿਸਾਨਾਂ ਨੂੰ ਅਦਾਇਗੀ ਦੇ ਮਾਮਲੇ ਵਿੱਚ 100 ਫ਼ੀਸਦੀ ਟੀਚਾ ਹਾਸਲ ਕਰ ਲਿਆ ਹੈ। ਖ਼ਰੀਦੀ ਗਈ ਫ਼ਸਲ ਦੇ ਬਦਲੇ ਕਿਸਾਨਾਂ ਨੂੰ 1843.66 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਜਿਸ ਨਾਲ ਇਹ ਯਕੀਨੀ ਬਣਾਇਆ ਗਿਆ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਨਾਲ ਪੈਦਾ ਕੀਤੀ ਫ਼ਸਲ ਦਾ ਮੁੱਲ ਬਿਨਾਂ ਕਿਸੇ ਦੇਰੀ ਦੇ ਮਿਲੇ। ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖ਼ਰੀਦ ਤੇ ਲਿਫ਼ਟਿੰਗ ਦੇ ਕੰਮ ਨੂੰ ਬਿਨਾਂ ਕਿਸੇ ਰੁਕਾਵਟ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਤੋਂ ਬਿਨਾਂ ਮੁਕੰਮਲ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੀ ਸਮੇਂ ਸਿਰ ਖ਼ਰੀਦ, ਤੇਜ਼ੀ ਨਾਲ ਲਿਫ਼ਟਿੰਗ ਤੇ ਅਦਾਇਗੀਆਂ ਸਮੇਂ ਸਿਰ ਜਾਰੀ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂ ਜੋ ਕਿਸਾਨ ਆਪਣੀ ਫ਼ਸਲ ਬਿਨਾਂ ਕਿਸੇ ਮੁਸ਼ਕਲ ਦੇ ਵੇਚ ਸਕਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਖ਼ਰੀਦ ਪ੍ਰਕਿਰਿਆ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ, ਤਾਂ ਜੋ ਮੰਡੀਆਂ ਵਿੱਚ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਖ਼ਰੀਦ ਦੇ ਸੁਚਾਰੂ ਪ੍ਰਬੰਧ ਕੀਤੇ ਗਏ ਹਨ ਤੇ ਅਧਿਕਾਰੀ ਆਪਸੀ ਤਾਲਮੇਲ ਨਾਲ ਕੰਮ ਕਰ ਰਹੇ ਹਨ, ਤਾਂ ਜੋ ਬਾਕੀ ਰਹਿੰਦੀ ਖ਼ਰੀਦ ਤੇ ਲਿਫ਼ਟਿੰਗ ਦੀ ਪ੍ਰਕਿਰਿਆ ਨੂੰ ਵੀ ਸੁਚੱਜੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ।