ਕਾਲਾ਼ ਸੰਘਿਆਂ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ, ਅੱਜ ਤੋਂ ਹੋਵੇਗੀ ਸਰਕਾਰੀ ਖ਼ਰੀਦ ਕਾਲਾ਼ ਸੰਘਿਆਂ ਮੰਡੀ ਵਿਖੇ ਝੋਨੇ ਦੀ ਆਮਦ ਸ਼ੁਰੂ, ਅੱਜ ਤੋਂ ਹੋਵੇਗੀ ਸਰਕਾਰੀ ਖ਼ਰੀਦ
Publish Date: Wed, 30 Sep 2026 09:54 PM (IST)
Updated Date: Wed, 30 Sep 2026 09:57 PM (IST)
ਝੋਨੇ ਦੀ ਬਿਜਾਈ ਪਹਿਲਾਂ ਕਰਵਾਉਣ ਤੇ ਖ਼ਰੀਦ ਲੇਟ ਸ਼ੁਰੂ ਹੋਣ ਕਾਰਨ ਕਿਸਾਨ ਹੋਏ ਖੱਜਲ-ਖੁਆਰ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਅੱਜ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਦਾ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਅਤੇ ਕਾਲਾ਼ ਸੰਘਿਆਂ ਦਾਣਾ ਮੰਡੀ ’ਚ ਨਵੇਂ ਬਣੇ ਸ਼ੈਡ ’ਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਪੱਤਰਕਾਰਾਂ ਵੱਲੋਂ ਮੰਡੀ ਦਾ ਦੌਰਾ ਕਰਕੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਅਤੇ ਮੰਡੀ ਵਿੱਚ ਝੋਨਾ ਲੈ ਕੇ ਆ ਰਹੇ ਕਿਸਾਨਾਂ ਲਈ ਕੀਤੇ ਪ੍ਰਬੰਧਾਂ ਤੇ ਸਹੂਲਤਾਂ ਸਬੰਧੀ ਮੰਡੀ ਵਿੱਚ ਹਾਜ਼ਰ ਕਿਸਾਨਾਂ ਤੇ ਮਜ਼ਦੂਰਾਂ ਗੱਲਬਾਤ ਕੀਤੀ ਗਈ। ਇਥੇ ਮੌਜੂਦ ਲੋਕਾਂ ਨਾਲ਼ ਗੱਲਬਾਤ ਕਰਨ ’ਤੇ ਲੋਕਾਂ ਨੇ ਦੱਸਿਆ ਕਿ ਇਸ ਵਾਰ ਸਰਕਾਰ ਵੱਲੋਂ ਮੰਡੀ ’ਚ ਬਣਵਾਏ ਸ਼ੈਡ ਕਾਰਨ ਮੌਸਮ ਦੀ ਖ਼ਰਾਬੀ ਕਾਰਨ ਮੰਡੀ ਵਿੱਚ ਪਈ ਫ਼ਸਲ ਦਾ ਕਾਫੀ਼ ਹੱਦ ਤਕ ਬਚਾਅ ਹੋ ਸਕੇਗਾ ਅਤੇ ਦਾਣਾ ਮੰਡੀ ’ਚ ਲੱਗੀਆਂ ਵੱਡੀਆਂ ਲਾਈਟਾਂ ਚਾਲੂ ਹਲਾਤ ਵਿੱਚ ਹਨ। ਕਿਸਾਨਾਂ ਨੇ ਕਿਹਾ ਕਿ ਇਸ ਵਾਰ ਸਰਕਾਰ ਵੱਲੋਂ ਝੋਨਾ ਲਗਾਉਣ ਲਈ ਕਾਫੀ਼ ਦਿਨ ਪਹਿਲਾਂ ਆਖ਼ ਦਿੱਤਾ ਗਿਆ ਸੀ ਜਿਸ ਕਾਰਨ ਝੋਨੇ ਦੀ ਫ਼ਸਲ ਪਹਿਲਾਂ ਤਿਆਰ ਹੋ ਗਈ ਸੀ ਜਦਕਿ ਸਰਕਾਰ ਨੂੰ ਝੋਨੇ ਦੀ ਸਰਕਾਰੀ ਖ਼ਰੀਦ ਵੀ ਕਝ ਦਿਨ ਪਹਿਲਾਂ ਕਰਨੀ ਚਾਹੀਦੀ ਸੀ ਪਰ ਅਜਿਹਾ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਤੇ ਆਪਣੀ ਫ਼ਸਲ ਨਿੱਜੀ ਪਲੇਅਰਾਂ ਨੂੰ ਵੀ ਵੇਚਣੀ ਪਈ ਹੋਣ ਕਾਰਨ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਰੋਸ ਵੀ ਵੇਖਣ ਨੂੰ ਮਿਲਿ਼ਆ। ਸਰਕਾਰ ਵੱਲੋਂ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਵੇਖਣ ਲਈ ਪੱਤਰਕਾਰਾਂ ਵੱਲੋਂ ਕਾਲਾ਼ ਸੰਘਿਆਂ ਮੰਡੀ ਦਾ ਨਿਰੀਖਣ ਕਰਨ ਤੇ ਪਤਾ ਲੱਗਾ ਕਿ ਕਾਲਾ਼ ਸੰਘਿਆਂ ਮੰਡੀ ’ਚ ਪੀਣ ਵਾਲੇ ਪਾਣੀ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਅਤੇ ਨਾ ਹੀ ਬਾਥਰੂਮਾਂ ਦੀ ਸਹੂਲਤ ਹੈ। ਮੰਡੀ ਵਿੱਚ ਮਜ਼ਦੂਰੀ ਕਰ ਰਹੇ ਮਜ਼ਦੂਰਾਂ ਤੇ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਇਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਤੇ ਬਾਥਰੂਮ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ----- ਸਰਕਾਰ ਸਾਰੀਆਂ ਸਹੂਲਤਾਂ ਦੇਣ ਲਈ ਵਚਨਬੱਧ : ਇੰਡੀਅਨ ਕਾਲਾ਼ ਸੰਘਿਆਂ ਮੰਡੀ ਵਿਖੇ ਪੀਣ ਵਾਲੇ ਪਾਣੀ ਸਮੇਤ ਜਦੋਂ ਹੋਰਨਾਂ ਮੁਢਲੀਆਂ ਸਹੂਲਤਾਂ ਦੀ ਕਮੀ ਸਬੰਧੀ ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨਾਲ਼ ਟੈਲੀਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਸਾਰੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਮੇਰੇ ਵੱਲੋਂ ਕੱਲ੍ਹ ਹੀ ਅਹੁਦਾ ਸੰਭਾਲਿਆ ਗਿਆ ਹੈ ਤੇ ਕਾਲਾ਼ ਸੰਘਿਆਂ ਮੰਡੀ ਵਿਖੇ ਸਰਕਾਰ ਵੱਲੋਂ ਨਵਾਂ ਸ਼ੈਡ ਜਿਸ ਦੀ ਚਿਰਾਂ ਤੋਂ ਮੰਗ ਸੀ ਉਹ ਬਣਵਾਇਆ ਗਿਆ ਹੈ ਤੇ ਮੈਂ ਜਲਦ ਹੀ ਕਾਲਾ਼ ਸੰਘਿਆਂ ਸਮੇਤ ਹਲਕੇ ਦੀਆਂ ਹੋਰਨਾਂ ਮੰਡੀਆਂ ਦਾ ਦੌਰਾ ਕਰਾਂਗੇ ਤੇ ਜਿਥੇ ਜੋ ਸਹੂਲਤਾਂ ਦੀ ਲੋੜ ਹੋਵੇਗੀ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ।