ਬੰਦ ਨੂੰ ਕਾਲਾ ਸੰਘਿਆਂ ’ਚ ਮਿਲਿਆ ਭਰਵਾਂ ਹੁੰਗਾਰਾ ਪਰਮਿੰਦਰ ਝੋਟਾ ਕਤਲ ਦੇ ਰੋਸ ’ਚ ਬੰਦ ਦੇ ਸੱਦੇ ਨੂੰ ਕਾਲਾ ਸੰਘਿਆਂ ਵਿਖੇ ਭਰਵਾਂ ਹੁੰਗਾਰਾ
Publish Date: Thu, 15 Oct 2026 07:39 PM (IST)
Updated Date: Thu, 15 Oct 2026 07:42 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਮਾਨਸਾ ਵਿਖੇ ਨਸ਼ਿਆਂ ਖ਼ਿਲਾਫ਼ ਅਵਾਜ਼ ਚੁੱਕਣ ਵਾਲੇ ਨੌਜਵਾਨ ਪਰਮਿੰਦਰ ਸਿੰਘ ਉਰਫ਼ ਝੋਟਾ ਨੂੰ ਉਥੋਂ ਦੇ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਕੀਤੇ ਕਤਲ ਦੇ ਰੋਸ ਤੇ ਝੋਟੇ ਦੇ ਕਤਲ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਦਿੱਤੀ ਕਾਲ ਨੂੰ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਕਾਲ਼ਾ ਸੰਘਿਆਂ ਵਿਖੇ ਭਰਵਾਂ ਹੁੰਗਾਰਾ ਮਿਲਿਆ। ਬੰਦ ਦੀ ਕਾਲ ’ਤੇ ਸਥਾਨਕ ਦੁਕਾਨਦਾਰਾਂ ਵੱਲੋਂ ਆਪ ਮੁਹਾਰੇ ਹੀ ਮੁਕੰਮਲ ਤੌਰ ’ਤੇ ਸਾਰੀਆਂ ਦੁਕਾਨਾਂ ਤੇ ਹੋਰ ਅਦਾਰੇ ਰੱਖੇ ਗਏ। ਇਸ ਮੌਕੇ ਵੱਖ-ਵੱਖ ਜੱਥੇਬੰਦੀਆਂ ਤੇ ਸਥਾਨਕ ਨੌਜਵਾਨਾਂ ਵੱਲੋਂ ਰੋਸ ਮਾਰਚ ਕਰਕੇ ਕਪੂਰਥਲਾ-ਨਕੋਦਰ ਸੜਕ ਤੇ ਚੌਂਕ ਵਿਚਕਾਰ ਧਰਨਾ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਹਲਕਾ ਪ੍ਰਧਾਨ ਪਲਵਿੰਦਰ ਸਿੰਘ ਸੰਘਾ, ਪ੍ਰਸਿੱਧ ਕਬੱਡੀ ਖਿਡਾਰੀ ਤਾਰੀ ਬਿਹਾਰੀਪੁਰੀ, ਗੁਰੂ ਨਾਨਕ ਨੌਜਵਾਨ ਸਭਾ ਦੇ ਮੈਂਬਰ ਮੁਖਤਿਆਰ ਸਿੰਘ ਬਿੱਕਾ, ਅਮਰਜੀਤ ਸਿੰਘ ਨਿੱਝਰ ਪ੍ਰਧਾਨ ਪੰਜਾਬੀ ਪੀਪਲਜ਼, ਦੋਨਾਂ ਪੱਤਰਕਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਸੰਘਾ, ਬਾਬਾ ਸੰਤੋਖ ਸਿੰਘ, ਡਾ ਜਗਦੀਸ਼ ਸਿੰਘ, ਬਿੰਦੂ ਸੁੰਨੜ, ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਦਾ ਕਤਲ ਸਾਜਿਸ਼ ਤਹਿਤ ਹੋਇਆ ਹੈ। ਆਗੂਆਂ ਨੇ ਕਿਹਾ ਕਿ ਕਾਤਲ ਅਸ਼ਵਨੀ ’ਤੇ ਪਹਿਲਾਂ ਹੀ ਕਾਫੀ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਵੀ ਉਸ ਕੋਲ਼ ਲਾਇਸੈਂਸੀ ਪਿਸਤੌਲ ਕਿਵੇਂ ਸੀ ਜੇਕਰ ਉਸ ਕੋਲ਼ ਪਿਸਤੌਲ ਦਾ ਲਾਈਸੈਂਸ ਪਰਚੇ ਦਰਜ ਹੋਣ ਤੋਂ ਪਹਿਲਾਂ ਦਾ ਸੀ ਤਾਂ ਫਿਰ ਪ੍ਰਸ਼ਾਸਨ ਨੇ ਕੈਂਸਲ ਕਿਉਂ ਨਹੀਂ ਕੀਤਾ ਤੇ ਜੇਕਰ ਪਹਿਲਾਂ ਲਾਈਸੈਂਸ ਉਸ ਕੋਲ਼ ਨਹੀਂ ਸੀ ਤਾਂ ਫਿਰ ਉਸ ਨੂੰ ਪਰਚੇ ਦਰਜ ਹੋਣ ’ਤੇ ਵੀ ਲਾਈਸੈਂਸ ਕਿਵੇਂ ਮਿਲ ਗਿਆ। ਇਹ ਗੰਭੀਰ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਫੇਲ੍ਹ ਸਾਬਤ ਹੋਈ ਹੈ ਤੇ ਇਸ ਘਟਨਾ ਮਗਰੋਂ ਪੰਜਾਬ ਦੇ ਡੀਜੀਪੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਇਸ ਮੌਕੇ ਮਹਾਂ ਸਿੰਘ ਸੰਧੂ ਚੱਠਾ, ਕੁਲਦੀਪ ਸਿੰਘ ਸੋਹਲ, ਪ੍ਰਧਾਨ ਪਰਮਜੀਤ ਸਿੰਘ ਬੱਸਣ, ਕੁਲਦੀਪ ਕੁਮਾਰ ਲੂੰਬਾ, ਡਾ ਬਲਕਾਰ ਸਿੰਘ, ਪਵਿੱਤਰ ਸਿੰਘ ਪਿੱਤਾ,ਮਨਵੀਰ ਸਿੰਘ ਖੁਸਰੋਪੁਰ, ਮੰਗੀ ਨਿੱਝਰ, ਅੰਮ੍ਰਿਤ ਪਾਲ ਸਿੰਘ ਪਦਮ, ਕਸ਼ਮੀਰਾ ਸਿੰਘ, ਗੁਰਦੀਪ ਸਿੰਘ ਦੀਪਾ ਸੁੰਨੜ, ਹਰਨੇਕ ਸਿੰਘ ਸ਼ੌਕੀ, ਗੁਰਪ੍ਰੀਤ ਸਿੰਘ ਫੁੱਲ, ਸੁੱਖਾ ਆਇਤਨ, ਗੁਰਦਾਵਰ ਸਿੰਘ ਬੱਸਣ, ਵਿਸ਼ਾਲ ਜੋਸ਼ੀ, ਕਸ਼ਮੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਸਨ।