ਸ਼ਰਧਾਲੂ ਮਾਂ ਚਿੰਤਪੁਰਨੀ ਦਰਬਾਰ ਵਿਖੇ ਹੋਏ ਨਤਮਸਤਕ ਵਿਸ਼ਵਕਰਮਾ ਦਿਵਸ ਮੌਕੇ 20 ਹਜ਼ਾਰ ਤੋਂ ਵੱਧ ਸ਼ਰਧਾਲੂ ਮਾਂ ਚਿੰਤਪੁਰਨੀ ਦਰਬਾਰ ਵਿਖੇ ਹੋਏ ਨਤਮਸਤਕ
Publish Date: Tue, 10 Nov 2026 06:43 PM (IST)
Updated Date: Tue, 10 Nov 2026 06:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫਗਵਾੜਾ : ਵਿਸ਼ਵਕਰਮਾ ਦਿਵਸ ਮੌਕੇ ਫਗਵਾੜਾ ਮੰਦਰ ਦੇ ਨਾਲ ਨਾਲ ਮਾਤਾ ਚਿੰਤਪੁਰਨੀ ਦਰਬਾਰ ਵਿਖੇ ਸ਼ਰਧਾ ਅਤੇ ਉਤਸ਼ਾਹ ਦਾ ਅਲੌਕਿਕ ਮਾਹੌਲ ਦੇਖਣ ਨੂੰ ਮਿਲਿਆ। ਇਸ ਪਵਿੱਤਰ ਮੌਕੇ ’ਤੇ 20 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਮਾਂ ਚਿੰਤਪੁਰਨੀ ਦੇ ਦਰਬਾਰ ਵਿਖੇ ਨਤਮਸਤਕ ਹੋ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਵੇਰ ਤੋਂ ਹੀ ਦਰਬਾਰ ਵਿਖੇ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਗਈ ਸੀ ਅਤੇ ਦਿਨ ਭਰ ਭਗਤਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾ ਫਗਵਾੜਾ ਅਤੇ ਆਸ-ਪਾਸ ਦੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਂ ਦੇ ਦਰਸ਼ਨਾਂ ਲਈ ਪੁੱਜੇ। ਫਗਵਾੜਾ ਇਲਾਕੇ ਦੇ ਭਗਤਾਂ ਵਿੱਚ ਵੀ ਮਾਤਾ ਰਾਣੀ ਦੇ ਦਰਬਾਰ ਵਿਖੇ ਨਤਮਸਤਕ ਹੋਣ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਰਧਾਲੂਆਂ ਨੇ ਮਾਂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਦਰਬਾਰ ਵਿਖੇ ਜੈ ਮਾਤਾ ਦੀ ਦੇ ਜੈਕਾਰਿਆਂ ਨਾਲ ਸਮੁੱਚਾ ਮਾਹੌਲ ਭਗਤੀਮਈ ਬਣਿਆ ਰਿਹਾ। ਸ਼ਰਧਾਲੂਆਂ ਨੇ ਕਿਹਾ ਕਿ ਮਾਂ ਚਿੰਤਪੁਰਨੀ ਦੇ ਦਰਬਾਰ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਅਥਾਹ ਸਕੂਨ ਅਤੇ ਆਤਮਿਕ ਸ਼ਾਂਤੀ ਮਿਲਦੀ ਹੈ। ਵਿਸ਼ਵਕਰਮਾ ਦਿਵਸ ਮੌਕੇ ਮਾਂ ਦੇ ਦਰਸ਼ਨ ਕਰਕੇ ਸ਼ਰਧਾਲੂਆਂ ਨੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕੀਤਾ। ਇੱਥੇ ਇਹ ਵੀ ਦੱਸ ਦੇਈਏ ਕਿ ਫਗਵਾੜਾ ਦੇ ਨਾਲ ਨਾਲ ਹਿਮਾਚਲ ਦੇ ਸੰਤੋਖਗੜ੍ਹ ਇਲਾਕੇ ਵਿੱਚ ਵੀ ਇੱਕ ਵਿਸ਼ਵਕਰਮਾ ਮੰਦਰ ਹੈ, ਜਿੱਥੇ ਵੀ ਫਗਵਾੜਾ ਇਲਾਕੇ ਚੋਂ ਸੰਗਤ ਭਗਵਾਨ ਵਿਸ਼ਵਕਰਮਾ ਜੀ ਦਾ ਆਸ਼ਿਰਵਾਦ ਲੈਣ ਪਹੁੰਚਦੀ ਹੈ।