ਆਮ ਆਦਮੀ ਕਲੀਨਿਕਾਂ ਦਾ 15 ਲੱਖ ਤੋਂ ਵੱਧ ਮਰੀਜ਼ਾਂ ਨੇ ਲਿਆ ਲਾਹਾ : ਡੀਸੀ ਕਪੂਰਥਲਾ ਦੇ ਆਮ ਆਦਮੀ ਕਲੀਨਿਕਾਂ ਰਾਹੀਂ 15 ਲੱਖ ਤੋਂ ਵੱਧ ਮਰੀਜ਼ਾਂ ਨੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਲਿਆ
Publish Date: Sat, 12 Sep 2026 07:09 PM (IST)
Updated Date: Sat, 12 Sep 2026 07:11 PM (IST)
--ਜ਼ਿਲ੍ਹੇ ’ਚ 29 ਆਮ ਆਦਮੀ ਕਲੀਨਿਕ ਚੱਲ ਰਹੇ ਹਨ, 12 ਹੋਰ ਜਲਦ ਸ਼ੁਰੂ ਹੋਣਗੇ --42 ਤਰ੍ਹਾਂ ਦੇ ਮੁਫ਼ਤ ਲੈਬਾਰਟਰੀ ਟੈਸਟ, ਐਂਟੀ-ਰੈਬੀਜ਼ ਟੀਕਾਕਰਨ ਕੀਤਾ ਜਾ ਰਿਹੈ : ਡਾ. ਪਰਾਸ਼ਰ ਮੱਲ੍ਹੀ\ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹੇ ਦੇ 15,13,873 ਮਰੀਜ਼ਾਂ ਨੇ ਹੁਣ ਤੱਕ ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਓਪੀਡੀ ਸੇਵਾਵਾਂ ਤੇ ਇਲਾਜ ਦਾ ਲਾਭ ਉਠਾਇਆ ਹੈ, ਜਿਸ ਨਾਲ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮਿਆਰੀ ਸਿਹਤ ਸੇਵਾਵਾਂ ਸੁਖਾਲੀਆਂ ਯਕੀਨੀ ਹੋਈਆਂ ਹਨ। ਜ਼ਿਲ੍ਹੇ ਵਿੱਚ ਇਸ ਵੇਲੇ ਕੁੱਲ 29 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ, ਜਿੱਥੇ ਸ਼ਹਿਰੀ ਤੇ ਪੇਂਡੂ ਦੋਵਾਂ ਖੇਤਰਾਂ ਦੇ ਵੱਡੀ ਗਿਣਤੀ ਵਿੱਚ ਵਸਨੀਕ ਲਾਭ ਉਠਾ ਰਹੇ ਹਨ। ਇਸ ਨਾਲ ਸਮੇਂ ਤੇ ਪੈਸੇ ਦੀ ਕਾਫ਼ੀ ਬੱਚਤ ਹੋ ਰਹੀ ਹੈ ਤੇ ਵੱਡੇ ਸਰਕਾਰੀ ਹਸਪਤਾਲਾਂ ਤੇ ਬੋਝ ਵੀ ਘਟਿਆ ਹੈ। ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਫ਼ਤ ਤੇ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਸਿਹਤ ਸੰਭਾਲ ਢਾਂਚੇ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕਾਂ ਦੀ ਗਿਣਤੀ 29 ਹੈ, ਜਦੋਂ ਕਿ 12 ਹੋਰ ਨਵੇਂ ਆਮ ਆਦਮੀ ਕਲੀਨਿਕ ਜਲਦੀ ਹੀ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕਾਰਜਕਾਰੀ ਏਜੰਸੀਆਂ ਨੂੰ ਬਕਾਇਆ ਕੰਮ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਨਵੇਂ ਕਲੀਨਿਕਾਂ ਨੂੰ ਜਲਦ ਸ਼ੁਰੂ ਕੀਤਾ ਜਾ ਸਕੇ। ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਦਾ ਮੁੱਖ ਉਦੇਸ਼ ਲੋਕਾਂ ਦੇ ਇਲਾਕਿਆਂ ਵਿੱਚ ਹੀ ਬੁਨਿਆਦੀ ਸਿਹਤ ਸਹੂਲਤਾਂ, ਮੈਡੀਕਲ ਸਲਾਹ, ਜਾਂਚ ਸੇਵਾਵਾਂ ਤੇ ਜ਼ਰੂਰੀ ਦਵਾਈਆਂ ਉਪਲਬਧ ਕਰਵਾਉਣਾ ਹੈ, ਜਿਸ ਨਾਲ ਹਸਪਤਾਲਾਂ ਵਿੱਚ ਜਾਣ ਦੀ ਲੋੜ ਘਟੇਗੀ ਤੇ ਲੋਕ ਮਹਿੰਗੇ ਪ੍ਰਾਈਵੇਟ ਇਲਾਜ ਤੋਂ ਬਚ ਸਕਣਗੇ। ਇਹ ਕਲੀਨਿਕ ਕਈ ਪ੍ਰਮੁੱਖ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ, ਜਿਨ੍ਹਾਂ ਵਿੱਚ ਆਮ ਤੇ ਜ਼ਰੂਰੀ ਬਿਮਾਰੀਆਂ ਲਈ 112 ਤਰ੍ਹਾਂ ਦੀਆਂ ਮੁਫ਼ਤ ਦਵਾਈਆਂ, ਬਿਮਾਰੀਆਂ ਦੀ ਪਛਾਣ ਲਈ 42 ਤਰ੍ਹਾਂ ਦੇ ਮੁਫ਼ਤ ਲੈਬਾਰਟਰੀ ਟੈਸਟ, ਕੁੱਤੇ ਦੇ ਵੱਢਣ ਦੇ ਮਾਮਲਿਆਂ ਵਿੱਚ ਐਂਟੀ-ਰੈਬੀਜ਼ ਟੀਕਾਕਰਨ ਤੇ ਮਾਤਾ-ਸਿਹਤ ਸੰਭਾਲ ਸੇਵਾਵਾਂ ਦੇ ਹਿੱਸੇ ਵਜੋਂ ਐਮਪੈਨਲਡ ਸਕੈਨਿੰਗ ਸੈਂਟਰਾਂ ਰਾਹੀਂ ਗਰਭਵਤੀ ਔਰਤਾਂ ਲਈ ਮੁਫ਼ਤ ਅਲਟਰਾਸਾਊਂਡ ਸੇਵਾਵਾਂ ਸ਼ਾਮਲ ਹਨ। ਡਾ. ਪਰਾਸ਼ਰ ਨੇ ਇਹ ਵੀ ਦੱਸਿਆ ਕਿ ਲੋੜ ਪੈਣ ਤੇ ਮਰੀਜ਼ਾਂ ਨੂੰ ਵਿਸ਼ੇਸ਼ ਜਾਂ ਤੀਜੇ ਦਰਜੇ ਦੇ (ਸਪੈਸ਼ਲਿਸਟ) ਇਲਾਜ ਲਈ ਵੱਡੇ ਹਸਪਤਾਲਾਂ ਵਿੱਚ ਰੈਫਰ ਕਰਨ ਦਾ ਵੀ ਪ੍ਰਭਾਵਸ਼ਾਲੀ ਪ੍ਰਬੰਧ ਹੈ।