ਦੂਸਰੀਆਂ ਪਾਰਟੀਆਂ ਵੱਲੋਂ ਲੋਕਾਂ ’ਚ ਝੂਠਾ ਡਰ ਪੈਦਾ ਕੀਤਾ ਜਾ ਰਿਹੈ : ਪੱਡਾ ਦੂਸਰੀਆਂ ਪਾਰਟੀਆਂ ਵੱਲੋਂ ਲੋਕਾਂ ਵਿੱਚ ਝੂਠਾ ਡਰ ਪੈਦਾ ਕੀਤਾ ਜਾ ਰਿਹਾ : ਪੱਡਾ
Publish Date: Sat, 25 Jul 2026 06:58 PM (IST)
Updated Date: Sat, 25 Jul 2026 06:59 PM (IST)
ਕਿਹਾ, ਹੜ੍ਹਾਂ ਦੀ ਰੋਕਥਾਮ ਲਈ ਸਰਕਾਰ ਦੀ ਤਿਆਰੀ ਮੁਕੰਮਲ ਆਪ ਆਗੂ ਪੱਡਾ ਵੱਲੋਂ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦਾ ਕੀਤਾ ਗਿਆ ਦੌਰਾ ਕਿਸਾਨਾਂ ਨੇ ਦੱਸਿਆ ਪਾਣੀ ਦਾ ਵਿਆਹ ਬਿਲਕੁਲ ਵਧੀਆ ਚੱਲ ਰਿਹੈ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਹੜ੍ਹਾਂ ਤੋਂ ਬਚਾਅ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਗਾਊਂ ਅਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ 146 ਕਰੋੜ ਰੁਪਏ ਦੀ ਐਡਵਾਂਸ ਫੰਡਿੰਗ, ਧੁੱਸੀ ਬੰਨ੍ਹਾਂ ਦੀ ਮਜ਼ਬੂਤੀ ਅਤੇ ਨਹਿਰਾਂ-ਦਰਿਆਵਾਂ ਦੀ ਸਫ਼ਾਈ ਸ਼ਾਮਲ ਹੈ। ਇਹ ਗੱਲ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜ਼ੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਵੱਲੋਂ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਮੰਡ ਖੇਤਰ ਦੇ ਕਿਸਾਨਾਂ ਨੇ ਦੱਸਿਆ ਕਿ ਪਾਣੀ ਦਾ ਵਿਆਹ ਬਿਲਕੁਲ ਵਧੀਆ ਚੱਲ ਰਿਹਾ ਹੈ ਅਤੇ ਕਿਸੇ ਵੀ ਡਰ ਦੀ ਲੋੜ ਨਹੀਂ ਹੈ, ਕਿਉਂਕਿ ਮਾਨ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੂਸਰੀਆਂ ਪਾਰਟੀਆਂ ਵੱਲੋਂ ਲੋਕਾਂ ਵਿੱਚ ਝੂਠਾ ਡਰ ਪੈਦਾ ਕੀਤਾ ਜਾ ਰਿਹਾ ਹੈ। ਇਸ ਮੌਕੇ ਪੱਡਾ ਨੇ ਕਿਹਾ ਕਿ ਲੋਕ ਹੜ੍ਹ ਆਉਣ ਦੀ ਕੋਈ ਚਿੰਤਾ ਨਾ ਕਰਨ,ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਤੇ ਵਿਭਾਗੀ ਤਾਲਮੇਲ ਨਾਲ ਪ੍ਰਸ਼ਾਸਕੀ ਮਸ਼ੀਨਰੀ ਨੇ ਸਾਰੇ ਲੋੜੀਂਦੇ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕਰ ਲਏ ਹਨ। ਸਿਹਤ ਵਿਭਾਗ ਨੇ ਡੇਂਗੂ ਤੇ ਹੋਰ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਵਧਾਉਣ ਸਮੇਤ ਇਲਾਜ ਪ੍ਰਬੰਧ ਵੀ ਪੁਖ਼ਤਾ ਕੀਤੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਘੱਗਰ ਤੇ ਵੱਡੀ ਨਦੀ ਸਮੇਤ ਹੋਰ ਨਦੀਆਂ ਨਾਲਿਆਂ ਤੇ ਹਰ ਪਲ ਨਜ਼ਰ ਰੱਖੀ ਜਾ ਰਹੀ ਹੈ। ਵੱਡੀ ਨਦੀ ਦੀ ਸਫ਼ਾਈ ਤੇ ਬੰਨ੍ਹ ਮਜ਼ਬੂਤ ਕਰਨ ਸਮੇਤ ਇਸ ਦੀ ਪਾਣੀ ਲਿਜਾਣ ਦੀ ਸਮਰੱਥ ਵਧਾਈ ਗਈ ਹੈ। ਸਿਹਤ ਵਿਭਾਗ ਵੱਲੋਂ ਬਰਸਾਤੀ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੇ ਡੇਂਗੂ, ਚਿਕਨਗੁਨੀਆ, ਡਾਇਰੀਆ, ਹੈਪੇਟਾਈਟਸ ਤੇ ਹੋਰ ਬਿਮਾਰੀਆਂ ਤੋਂ ਬਚਾਅ ਸਬੰਧੀ 104 ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਸਿਹਤ ਵਿਭਾਗ ਸਮੇਤ ਡਰੇਨੇਜ, ਜਲ ਸਪਲਾਈ, ਸਥਾਨਕ ਸਰਕਾਰਾਂ, ਪੰਚਾਇਤ, ਸਿੱਖਿਆ, ਆਈਐੱਮਏ, ਕੈਮਿਸਟ ਐਸੋਸੀਏਸ਼ਨ, ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਸਬੰਧਤ ਵਿਭਾਗਾਂ ਦਾ ਆਪਸੀ ਤਾਲਮੇਲ ਕਰਵਾਇਆ ਗਿਆ ਹੈ। ਸੰਭਾਵੀ ਹੜ੍ਹਾਂ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ 85 ਦਵਾਈਆਂ ਦੀ ਸੂਚੀ ਬਣਾ ਕੇ ਸਾਰੇ ਹਸਪਤਾਲਾਂ ’ਚ ਪਹੁੰਚਾਈ ਗਈ ਹੈ। ਉਨ੍ਹਾਂ ਕਿਹਾ ਕਿ ਨਦੀਆਂ ’ਚ ਬੂਟੀ ਦੀ ਸਫ਼ਾਈ ਦਾ ਆਡਿਟ ਵੀ ਹੋਵੇਗਾ ਤੇ ਇਸ ਨੂੰ ਦੁਬਾਰਾ ਕੱਢਣ ਲਈ ਪੱਕੇ ਤੌਰ ’ਤੇ ਮਸ਼ੀਨਰੀ ਤਾਇਨਾਤ ਕੀਤੀ ਹੈ। ਲੋੜੀਂਦੀਆਂ ਕਿਸ਼ਤੀਆਂ, ਲਾਇਫ ਜੈਕੇਟਸ, ਰੱਸੇ ਤੇ ਹੋਰ ਸਾਜ਼ੋ ਸਮਾਨ ਦੇ ਪ੍ਰਬੰਧ ਵੀ ਮੁਕੰਮਲ ਕੀਤੇ ਗਏ ਹਨ। ਪਾਣੀ ਦੀ ਸੁਚੱਜੀ ਨਿਕਾਸੀ ਯਕੀਨੀ ਬਣਾਈ ਗਈ ਹੈ। ਇਸ ਮੌਕੇ ਇਲਾਕੇ ਦੇ ਕਿਸਾਨ ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਨਰਿੰਦਰ ਸਿੰਘ ਬੂ ਅਤੇ ਕੰਬੋਜ ਵੈੱਲਫੇਅਰ ਬੋਰਡ ਦੇ ਚੇਅਰਮੈਨ ਸਰਦਾਰ ਮਲਕੀਤ ਸਿੰਘ ਕਾਂਜਲੀ ਹਾਜ਼ਰ ਸਨ।