ਖਾਲਸਾ ਕਾਲਜ ’ਚ ਬਾਲ ਵਿਗਿਆਨ ਕਾਂਗਰਸ ਕਰਵਾਈ ਬਾਲ ਵਿਗਿਆਨ ਕਾਂਗਰਸ- 32 ਸਬੰਧੀ ਓਰੀਐਂਟੇਸ਼ਨ ਵਰਕਸ਼ਾਪ ਆਯੋਜਿਤ
Publish Date: Tue, 25 Aug 2026 07:07 PM (IST)
Updated Date: Tue, 25 Aug 2026 07:09 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਖੋਜੀ ਰੁਝਾਨ ਤੇ ਨਵੀਨਤਾ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਬਾਲ ਵਿਗਿਆਨ ਕਾਂਗਰਸ-32 ਸਬੰਧੀ ਓਰੀਐਂਟੇਸ਼ਨ ਵਰਕਸ਼ਾਪ ਦਾ ਆਯੋਜਨ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ, ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ, ਭਾਰਤ ਸਰਕਾਰ ਦੇ ਸਹਿਯੋਗ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ ਰਾਜੇਸ਼ ਭੱਲਾ ਦੀ ਅਗਵਾਈ ਵਿੱਚ ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਕੀਤਾ ਗਿਆ। ਇਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਅਧਿਆਪਕਾਂ ਨੂੰ ਕਿਹਾ ਕਿ ਬਾਲ ਵਿਗਿਆਨ ਕਾਂਗਰਸ ਕੇਵਲ ਇੱਕ ਮੁਕਾਬਲਾ ਨਹੀਂ, ਸਗੋਂ ਬੱਚਿਆਂ ਦੇ ਸਵਾਲਾਂ ਨੂੰ ਵਿਗਿਆਨਕ ਖੋਜ ਵਿੱਚ ਬਦਲਣ ਦਾ ਮੰਚ ਹੈ। ਜ਼ਿਲ੍ਹਾ ਕੋਆਰਡੀਨੇਟਰ ਐਕਟੀਵਿਟੀ ਸੁਨੀਲ ਬਜਾਜ ਨੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਤੇ ਉਨ੍ਹਾਂ ਵਿੱਚ “ਸਵਾਲ ਪੁੱਛੋ, ਖੋਜ ਕਰੋ, ਹੱਲ ਲੱਭੋ ਤੇ ਸਮਾਜ ਨੂੰ ਬਿਹਤਰ ਬਣਾਓ” ਦੀ ਵਿਗਿਆਨਕ ਸੋਚ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਵਰਕਸ਼ਾਪ ਦੌਰਾਨ ਬਾਲ ਵਿਗਿਆਨ ਕਾਂਗਰਸ-32 ਦੇ ਮੁੱਖ ਵਿਸ਼ੇ ਟਿਕਾਊਤਾ ਲਈ ਸਾਇੰਸ ਤੇ ਨਵੀਨਤਾ ਤੇ ਇਸ ਨਾਲ ਸਬੰਧਤ ਉਪ-ਵਿਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਬਾਲ ਵਿਗਿਆਨ ਗਗਨਦੀਪ ਸਿੰਘ ਤੇ ਅਕੈਡਮਿਕ ਕੋਆਰਡੀਨੇਟਰ ਜਸਪ੍ਰੀਤ ਸਿੰਘ ਨੇ ਅਧਿਆਪਕਾਂ ਨੂੰ ਆਪਣੇ ਸਕੂਲਾਂ ਤੇ ਆਲੇ-ਦੁਆਲੇ ਦੀਆਂ ਸਥਾਨਕ ਸਮੱਸਿਆਵਾਂ ਪਾਣੀ, ਹਵਾ, ਰਹਿੰਦ-ਖੂੰਹਦ ਪ੍ਰਬੰਧਨ, ਊਰਜਾ, ਜੈਵ-ਵਿਭਿੰਨਤਾ ਤੇ ਟਿਕਾਊ ਵਿਕਾਸ ਆਦਿ ਨੂੰ ਖੋਜ ਪ੍ਰੋਜੈਕਟਾਂ ਦਾ ਆਧਾਰ ਬਣਾਉਣ ਲਈ ਪ੍ਰੇਰਿਤ ਕੀਤਾ। ਸਿੱਖਿਆ ਰਤਨ ਗੁਰਮੀਤ ਸਿੰਘ ਰਿਟਾਇਰਡ ਸਾਇੰਸ ਅਧਿਆਪਕ ਤੇ ਰਿਟਾਇਰਡ ਮੁੱਖ ਅਧਿਆਪਕ ਨਰੇਸ਼ ਕੋਹਲੀ ਵੱਲੋਂ ਇਸ ਮੌਕੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਜਾਣ ਵਾਲੇ ਖੋਜ ਪ੍ਰੋਜੈਕਟਾਂ ਲਈ ਸਮੱਸਿਆ ਦੀ ਪਛਾਣ, ਵਿਗਿਆਨਕ ਵਿਧੀ, ਡਾਟਾ ਇਕੱਠਾ ਕਰਨਾ, ਵਿਸ਼ਲੇਸ਼ਣ ਤੇ ਨਤੀਜਿਆਂ ਦੀ ਪੇਸ਼ਕਾਰੀ ਸਬੰਧੀ ਵਿਹਾਰਕ ਮਾਰਗ ਦਰਸ਼ਨ ਦਿੱਤਾ ਗਿਆ। ਜਸਪਾਲ ਸਿੰਘ ਵਲੋਂ ਰਜਿਸਟਰੇਸ਼ਨ ਤੇ ਖੋਜ ਪ੍ਰੋਜੈਕਟ ਦੀ ਆਨਲਾਈਨ ਪ੍ਰਕਿਰਿਆ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਆਏ ਅਧਿਆਪਕਾਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਵੱਲੋਂ ਜੇਤੂ ਟੀਮ ਲਈ ਕਾਲਜ ਵੱਲੋਂ ਇਨਾਮੀ ਰਾਸ਼ੀ 5000/- ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਜਗਦੀਪ ਜੰਮੂ, ਨਰਿੰਦਰ ਪਰਾਸ਼ਰ, ਕ੍ਰਿਸ਼ਨ ਕੁਮਾਰ ਮੈਡਮ ਅਮਨਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।