- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਬਪੱਖੀ ਵਿਕਾਸ ਲਈ ਕਰਾਸ ਕੰਟਰੀ ਦਾ ਆਯੋਜਨ

ਸ੍ਰੇਸ਼ਠ ਜੇਤੂ ਦਾ ਖ਼ਿਤਾਬ ਗੌਰਵ, ਹਰਜੋਤ, ਸੁਹਾਨਾ ਤੇ ਸਾਂਭਵੀ ਨੂੰ ਮਿਲਿਆ
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸੈਨਿਕ ਸਕੂਲ ਕਪੂਰਥਲਾ ਵਿਖੇ ਅੱਜ ਸਵੇਰੇ ਕਰਾਸ ਕੰਟਰੀ ਮੁਕਾਬਲੇ ਦਾ ਆਯੋਜਨ ਪੂਰੇ ਉਤਸ਼ਾਹ, ਜੋਸ਼ ਤੇ ਖੇਡ ਭਾਵਨਾ ਨਾਲ ਕੀਤਾ ਗਿਆ। ਇਸ ਮੁਕਾਬਲੇ ਵਿੱਚ ਸਕੂਲ ਦੇ ਵੱਖ-ਵੱਖ ਸਦਨਾਂ (ਹਾਊਸਾਂ) ਦੇ ਕੈਡੇਟਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ 65 ਮੀਡੀਅਮ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਕਰਨਲ ਕੇਐੱਲ ਰਾਘਵੇਂਦਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਦੇ ਪ੍ਰਿੰਸੀਪਲ ਗਰੁੱਪ ਕੈਪਟਨ ਆਈ ਮਨੋਜ ਮੈਨਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੁਕਾਬਲੇ ਦਾ ਮੁੱਖ ਮਕਸਦ ਕੈਡੇਟਾਂ ਅੰਦਰ ਸਰੀਰਕ ਸਹਿਣਸ਼ੀਲਤਾ, ਮਾਨਸਿਕ ਦ੍ਰਿੜ੍ਹਤਾ, ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਸਿਹਤਮੰਦ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਕਰਨਾ ਸੀ। ਇਸ ਮੁਕਾਬਲੇ ਵਿੱਚ ਸਕੂਲ ਦੇ ਹੋਲਡਿੰਗ, ਜੂਨੀਅਰ ਤੇ ਸੀਨੀਅਰ ਸਦਨਾਂ ਦੇ ਕੈਡੇਟਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਜੂਨੀਅਰ ਵਰਗ ਵਿੱਚ ਮੋਤੀ ਲਾਲ, ਚਿਤਰੰਜਨ, ਟੈਗੋਰ ਤੇ ਸਰੋਜਿਨੀ ਸਦਨ ਦੇ ਪ੍ਰਤੀਯੋਗੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ, ਜਦਕਿ ਸੀਨੀਅਰ ਵਰਗ ਵਿੱਚ ਆਜ਼ਾਦ, ਭਗਤ, ਪਟੇਲ ਤੇ ਤਿਲਕ ਸਦਨ ਦੇ ਕੈਡੇਟਾਂ ਨੇ ਪੂਰੇ ਜੋਸ਼ ਨਾਲ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਗਰਲਜ਼ ਹਾਊਸ ਆਰਐੱਲਬੀ, ਜੋ ਕਿ ਜੂਨੀਅਰ ਤੇ ਸੀਨੀਅਰ ਹਾਊਸਾਂ ਨਾਲ ਸਬੰਧਤ ਹੈ, ਦੀਆਂ ਵਿਦਿਆਰਥਣਾਂ ਨੇ ਵੀ ਇਸ ਮੁਕਾਬਲੇ ਵਿੱਚ ਆਪਣੀ ਸ਼ਮੂਲੀਅਤ ਯਕੀਨੀ ਬਣਾਈ। ਇਸ ਮੁਕਾਬਲੇ ਦੇ ਜੂਨੀਅਰ ਵਰਗ ਵਿੱਚ ਚਿਤਰੰਜਨ ਸਦਨ ਦੇ ਹਰਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਟੈਗੋਰ ਸਦਨ ਦੇ ਸੂਰਿਆਂਸ਼ੂ ਦੂਜੇ ਸਥਾਨ 'ਤੇ ਰਹੇ। ਇਸੇ ਤਰ੍ਹਾਂ ਚਿਤਰੰਜਨ ਸਦਨ ਦੇ ਰਾਜਬੀਰ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਵਰਗ ਵਿੱਚ ਆਜ਼ਾਦ ਸਦਨ ਦੇ ਗੌਰਵ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਦੂਜਾ ਸਥਾਨ ਆਜ਼ਾਦ ਸਦਨ ਦੇ ਹੀ ਝੁੰਨਾਪਾਲ ਨੂੰ ਮਿਲਿਆ। ਇਸ ਦੇ ਨਾਲ ਹੀ ਭਗਤ ਸਦਨ ਦੇ ਗੁਰਬੀਰ ਤੀਜੇ ਸਥਾਨ 'ਤੇ ਰਹੇ। ਲੜਕੀਆਂ ਦੇ ਸੀਨੀਅਰ ਵਰਗ ਵਿੱਚ ਭਗਤ ਸਦਨ ਦੀ ਸਾਂਭਵੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸ਼ਿਵਾਨੀ (ਭਗਤ ਸਦਨ) ਤੇ ਹਰਸਿਮਰਤ ਕੌਰ (ਤਿਲਕ ਸਦਨ) ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜੂਨੀਅਰ ਵਰਗ ਵਿੱਚ ਸਰੋਜਿਨੀ ਸਦਨ ਦੀ ਸੁਹਾਨਾ ਪਹਿਲੇ ਸਥਾਨ 'ਤੇ ਰਹੀ, ਚਿਤਰੰਜਨ ਸਦਨ ਦੀ ਇਸ਼ਿਕਾ ਦੂਜੇ ਸਥਾਨ 'ਤੇ ਤੇ ਟੈਗੋਰ ਸਦਨ ਦੀ ਅਮਿਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਰਣਨਯੋਗ ਹੈ ਕਿ ਕਰਾਸ ਕੰਟਰੀ ਮੁਕਾਬਲਾ ਸੈਨਿਕ ਸਕੂਲਾਂ ਦੀ ਸਿਖਲਾਈ ਪਰੰਪਰਾ ਦਾ ਅਹਿਮ ਹਿੱਸਾ ਹੈ। ਇਹ ਕੈਡੇਟਾਂ ਨੂੰ ਸਰੀਰਕ ਤੌਰ 'ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਉਨ੍ਹਾਂ ਵਿੱਚ ਟੀਚੇ ਪ੍ਰਤੀ ਸਮਰਪਣ, ਔਖੇ ਹਾਲਾਤਾਂ ਵਿੱਚ ਸਬਰ, ਸਮੇਂ ਦੀ ਸੰਭਾਲ ਅਤੇ ਅਗਵਾਈ ਵਰਗੇ ਮਹੱਤਵਪੂਰਨ ਗੁਣਾਂ ਦਾ ਵਿਕਾਸ ਕਰਦਾ ਹੈ।
ਸੀਨੀਅਰ ਅਤੇ ਜੂਨੀਅਰ ਵਰਗ ਦੇ ਕੈਡੇਟਾਂ ਲਈ ਦੌੜ ਦਾ ਟੀਚਾ ਲਗਭਗ 8 ਕਿਲੋਮੀਟਰ ਰੱਖਿਆ ਗਿਆ ਸੀ। ਅੰਤ ਵਿੱਚ ਮੁੱਖ ਮਹਿਮਾਨ ਕਰਨਲ ਰਾਘਵੇਂਦਰ ਨੇ ਸਮੂਹ ਜੇਤੂਆਂ ਨੂੰ ਸਰਟੀਫਿਕੇਟ, ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸੇ ਤਰ੍ਹਾਂ ਹੋਲਡਿੰਗ ਸਦਨਾਂ (ਛੇਵੀਂ ਜਮਾਤ) ਨਲਵਾ ਅਤੇ ਰਣਜੀਤ ਲਈ ਵੀ ਕਰਾਸ ਕੰਟਰੀ ਦੌੜ ਕਰਵਾਈ ਗਈ, ਜਿਸ ਨਾਲ ਸਾਰੇ ਸਦਨਾਂ ਦੇ ਕੈਡੇਟਾਂ ਨੂੰ ਆਪਣੀ ਸਰੀਰਕ ਸਮਰੱਥਾ ਤੇ ਪ੍ਰਤਿਭਾ ਵਿਖਾਉਣ ਦਾ ਮੌਕਾ ਮਿਲਿਆ। ਇਸ ਵਿੱਚ ਨਲਵਾ ਸਦਨ ਦੇ ਕੈਡੇਟ ਰੂਪੇਸ਼ ਕੁਮਾਰ ਨੇ ਪਹਿਲਾ, ਤਨਮਯ ਨੇ ਦੂਜਾ ਤੇ ਸਕਸ਼ਮ ਰਾਜ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਵਰਗ ਵਿੱਚ ਗ੍ਰੀਸ਼ਾ ਚੌਹਾਨ (ਨਲਵਾ) ਪਹਿਲੇ, ਰਮਿੰਦਰ ਕੌਰ (ਰਣਜੀਤ) ਦੂਜੇ ਤੇ ਪ੍ਰਤਿੱਗਿਆ (ਰਣਜੀਤ) ਤੀਜੇ ਸਥਾਨ 'ਤੇ ਰਹੀ। ਸੀਨੀਅਰ ਵਰਗ ਵਿੱਚ ਸਰਵੋਤਮ ਹਾਊਸ ਦਾ ਖ਼ਿਤਾਬ ਭਗਤ ਸਦਨ ਨੂੰ ਮਿਲਿਆ, ਜਦਕਿ ਜੂਨੀਅਰ ਵਰਗ ਵਿੱਚ ਚਿਤਰੰਜਨ ਤੇ ਹੋਲਡਿੰਗ ਵਰਗ ਵਿੱਚ ਰਣਜੀਤ ਸਦਨ ਨੇ ਸਰਵੋਤਮ ਹਾਊਸ ਦੀ ਟਰਾਫੀ ਆਪਣੇ ਨਾਂ ਕੀਤੀ। ਇਸ ਸਮਾਗਮ ਨੇ ਸੈਨਿਕ ਸਕੂਲ ਕਪੂਰਥਲਾ ਦੀ ਖੇਡ ਅਤੇ ਫੌਜੀ ਸਿਖਲਾਈ ਦੀ ਪਰੰਪਰਾ ਨੂੰ ਹੋਰ ਮਜ਼ਬੂਤ ਕੀਤਾ ਹੈ।