ਬਿਜਲੀ ਮੀਟਰਾਂ ਦੇ ਖੁੱਲ੍ਹੇ ਬਕਸੇ ਬਣੇ ਜਾਨਲੇਵਾ ਸੁਲਤਾਨਪੁਰ ਲੋਧੀ 'ਚ ਖੁੱਲ੍ਹੇ ਬਿਜਲੀ ਮੀਟਰਾਂ ਦੇ ਬਕਸੇ ਬਣੇ ਜਾਨਲੇਵਾ
Publish Date: Sun, 09 Aug 2026 09:40 PM (IST)
Updated Date: Sun, 09 Aug 2026 09:41 PM (IST)
ਰਸਤੇ ਤੇ ਨੰਗੀਆਂ ਤਾਰਾਂ ਨੇ ਵਧਾਈ ਚਿੰਤਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਵੱਲੋਂ ਲਗਾਏ ਗਏ ਬਿਜਲੀ ਮੀਟਰਾਂ ਦੇ ਪਿੱਲਰ ਬਕਸੇ ਸੁਲਤਾਨਪੁਰ ਲੋਧੀ ਵਿੱਚ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਬਣਦੇ ਜਾ ਰਹੇ ਹਨ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਕਸਿਆਂ ਦੇ ਢੱਕਣ ਗਾਇਬ ਹਨ, ਜਦਕਿ ਅੰਦਰ ਬਿਜਲੀ ਦੀਆਂ ਤਾਰਾਂ ਤੇ ਮੀਟਰ ਖੁੱਲ੍ਹੇ ਪਏ ਹਨ। ਬਰਸਾਤ ਕਾਰਨ ਆਲੇ-ਦੁਆਲੇ ਪਾਣੀ ਖੜ੍ਹਾ ਹੋਣ ਨਾਲ ਕਰੰਟ ਲੱਗਣ ਦੇ ਖ਼ਤਰੇ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ ਰਸਤਿਆਂ ਤੋਂ ਹਰ ਰੋਜ਼ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ, ਬਜ਼ੁਰਗ ਤੇ ਹੋਰ ਰਾਹਗੀਰ ਲੰਘਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਵੇਲੇ ਕੋਈ ਹਾਦਸਾ ਵਾਪਰ ਗਿਆ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ? ਉਨ੍ਹਾਂ ਕਿਹਾ ਕਿ ਅਜਿਹੇ ਖੁੱਲ੍ਹੇ ਬਕਸੇ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ, ਇਸ ਲਈ ਇਨ੍ਹਾਂ ਨੂੰ ਤੁਰੰਤ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ। ਬਰਸਾਤ ਦੇ ਮੌਸਮ ਵਿੱਚ ਬਿਜਲੀ ਦੇ ਖੁੱਲ੍ਹੇ ਬਕਸੇ ਹੋਰ ਵੀ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦੇ ਹਨ। ਜੇਕਰ ਪਾਣੀ ਅੰਦਰ ਦਾਖ਼ਲ ਹੋ ਜਾਵੇ ਜਾਂ ਕਿਸੇ ਤਾਰ ਵਿੱਚ ਨੁਕਸ ਆ ਜਾਵੇ ਤਾਂ ਕਰੰਟ ਫੈਲਣ ਦਾ ਖ਼ਤਰਾ ਬਣ ਸਕਦਾ ਹੈ। ਇਸ ਕਾਰਨ ਇਲਾਕਾ ਵਾਸੀਆਂ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸੁਲਤਾਨਪੁਰ ਲੋਧੀ ਹੀ ਨਹੀਂ, ਸਗੋਂ ਪੂਰੇ ਖੇਤਰ ਵਿੱਚ ਖੁੱਲ੍ਹੇ ਪਏ ਬਿਜਲੀ ਮੀਟਰ ਬਕਸਿਆਂ ਦੀ ਤੁਰੰਤ ਜਾਂਚ ਕਰਵਾ ਕੇ ਉਨ੍ਹਾਂ ਨੂੰ ਸੁਰੱਖਿਅਤ ਬਣਾਇਆ ਜਾਵੇ, ਤਾਂ ਜੋ ਕਿਸੇ ਵੀ ਅਣਸੁਖਾਵੇਂ ਹਾਦਸੇ ਤੋਂ ਪਹਿਲਾਂ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਯਕੀਨੀ ਬਣਾਈ ਜਾ ਸਕੇ। ਜਲਦੀ ਹੀ ਬੰਦ ਕਰਵਾ ਦਿੱਤਾ ਜਾਵੇਗਾ ਖੁੱਲ੍ਹੇ ਬਕਸਿਆਂ ਨੂੰ ਇਸ ਸਬੰਧੀ ਜਦੋਂ ਐੱਸਡੀਓ ਸੁਲਤਾਨਪੁਰ ਲੋਧੀ ਇੰਜੀਨੀਅਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖੁੱਲ੍ਹੇ ਪਏ ਬਕਸਿਆਂ ਨੂੰ ਜਲਦੀ ਹੀ ਬੰਦ ਕਰਵਾ ਦਿੱਤਾ ਜਾਵੇਗਾ ਤੇ ਜਿਹੜੇ ਬਕਸੇ ਟੁੱਟੇ ਹੋਏ ਹਨ, ਉਨ੍ਹਾਂ ਦੀ ਵੀ ਜਲਦ ਮੁਰੰਮਤ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਈ ਵਾਰ ਮੀਟਰ ਰੀਡਰ ਮੀਟਰ ਦੀ ਰੀਡਿੰਗ ਲੈਣ ਤੋਂ ਬਾਅਦ ਬਕਸੇ ਖੁੱਲ੍ਹੇ ਛੱਡ ਜਾਂਦੇ ਹਨ। ਫਿਰ ਵੀ ਵਿਭਾਗ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਗੇ ਤੋਂ ਵਿਸ਼ੇਸ਼ ਧਿਆਨ ਰੱਖੇਗਾ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।