ਜਨਤਾ ਨੂੰ ਸਹੂਲਤਾਂ ਸਿਰਫ਼ ਅਕਾਲੀ ਸਰਕਾਰ ਹੀ ਦੇ ਸਕਦੀ : ਵਾਲੀਆ ਜਨਤਾ ਨੂੰ ਸਾਰੀਆਂ ਸਹੂਲਤਾਂ ਸਿਰਫ਼ ਅਕਾਲੀ ਦਲ ਦੀ ਸਰਕਾਰ ਹੀ ਦੇ ਸਕਦੀ ਹੈ-ਲਵਲੀ ਵਾਲੀਆ
Publish Date: Sun, 13 Sep 2026 07:09 PM (IST)
Updated Date: Sun, 13 Sep 2026 07:11 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਵੱਧ ਰਹੇ ਭ੍ਰਿਸ਼ਟਾਚਾਰ ਤੇ ਆਲੋਚਕਾਂ ’ਤੇ ਹੋ ਰਹੇ ਅੱਤਿਆਚਾਰਾਂ ਦੀ ਪੁਰਜ਼ੋਰ ਸ਼ਬਦਾਂ ’ਚ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਲਵਲੀ ਵਾਲੀਆ ਨੇ ਕਿਹਾ ਕਿ ਪੰਜਾਬ ’ਚ ਅੱਜ ਜੋ ਹਾਲਾਤ ਬਣ ਚੁੱਕੇ ਹਨ, ਉਹ ਆਮ ਲੋਕਾਂ ਨੂੰ ਮੁਗ਼ਲੀਆ ਹਕੂਮਤ ਦੇ ਜਬਰ ਤੇ ਅੰਗਰੇਜ਼ੀ ਰਾਜ ਦੀ ਕਾਲੀ ਨੀਤੀ ਦੀ ਯਾਦ ਦਿਵਾਉਂਦੇ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਸ਼ੇਰੋਂ ਪਿੰਡ ਦੇ ਮੋਹਨਜੀਤ ਸਿੰਘ ਨਾਲ ਵਾਪਰੀ ਘਟਨਾ ਨੇ ਸੂਬੇ ਦੇ ਲੋਕਤੰਤਰ ਦਾ ਚਿਹਰਾ ਬੇਨਕਾਬ ਕਰ ਦਿੱਤਾ ਹੈ। ਨਸ਼ਿਆਂ ਦੇ ਵਿਰੋਧ ’ਚ ਸ਼ਾਂਤਮਈ ਢੰਗ ਨਾਲ ਸਵਾਲ ਪੁੱਛਣ ਤੇ ਵਿਰੋਧ ਜਤਾਉਣ ਵਾਲੇ ਇਕ ਨੌਜਵਾਨ ਨਾਲ ਕੀਤਾ ਗਿਆ ਕਥਿਤ ਪੁਲਸ ਜਬਰ ਇਹ ਦਰਸਾਉਂਦਾ ਹੈ ਕਿ ਸਰਕਾਰ ਜਨਤਾ ਦੇ ਸਵਾਲਾਂ ਤੋਂ ਕਿਸ ਕਦਰ ਡਰੀ ਹੋਈ ਹੈ। ਸਿਰਫ਼ ਮੋਹਨਜੀਤ ਹੀ ਨਹੀਂ, ਸਗੋਂ ਆਪਣੀਆਂ ਹੱਕੀ ਮੰਗਾਂ ਲਈ ਧਰਨੇ ਦੇ ਰਹੇ ਅਧਿਆਪਕ, ਕੱਚੇ ਕਰਮਚਾਰੀ, ਰੋਜ਼ਗਾਰ ਮੰਗਦੇ ਬੇਰੋਜ਼ਗਾਰ ਨੌਜਵਾਨ ਤੇ ਸੱਚ ਦਿਖਾਉਣ ਵਾਲੇ ਡਿਜੀਟਲ ਤੇ ਸੋਸ਼ਲ ਮੀਡੀਆ ਚੈਨਲ ਸਰਕਾਰ ਦੇ ਨਿਸ਼ਾਨੇ ’ਤੇ ਹਨ। ਹਰ ਆਵਾਜ਼ ਨੂੰ ਲਾਠੀ ਤੇ ਜਬਰ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬਦਲਾਅ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਇਹ ਹਕੂਮਤ ਭ੍ਰਿਸ਼ਟਾਚਾਰ ਦੇ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਦਫ਼ਤਰਾਂ ’ਚ ਬਿਨਾਂ ਸੇਵਾ’ ਤੋਂ ਕੋਈ ਕੰਮ ਨਹੀਂ ਹੋ ਰਿਹਾ, ਜਦਕਿ ਦਾਅਵੇ ਅਜਿਹੇ ਹਨ ਜਿਵੇਂ ਦੁੱਧ ਦੀਆਂ ਨਦੀਆਂ ਵਹਿ ਰਹੀਆਂ ਹੋਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਅਣਖੀ ਲੋਕਾਂ, ਕਿਸਾਨਾਂ, ਜਵਾਨਾਂ ਤੇ ਨੌਜਵਾਨਾਂ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਧੱਕੇਸ਼ਾਹੀ ਤੇ ਅਸਿੱਧੇ ਰੰਗਲੇ ਪੰਜਾਬ ਦੇ ਭੁਲੇਖੇ ਤੋਂ ਬਾਹਰ ਆਉਣ। ਪਾਰਟੀ ਹਰ ਪੀੜਤ, ਅਧਿਆਪਕ ਤੇ ਨੌਜਵਾਨ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਤੇ ਇਸ ਅਨਿਆਂ ਵਿਰੁੱਧ ਕਾਨੂੰਨੀ ਤੇ ਲੋਕਤੰਤਰਿਕ ਲੜਾਈ ਜਾਰੀ ਰੱਖੇਗੀ। ਉਨ੍ਹਾਂਨੇ ਕਿਹਾ ਕਿ ਪੰਜਾਬ ਦੀ ਜਨਤਾ ਪਿਛਲੇ ਸਾਢੇ ਚਾਰ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਬੁਰੀ ਤਰ੍ਹਾਂ ਦੁਖੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਿਅਕਤੀ ਅਕਾਲੀ ਦਲ ਦੀ ਸਰਕਾਰ ਨੂੰ ਸੱਤਾ ’ਚ ਲਿਆਉਣ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਇੰਤਜ਼ਾਰ ਕਰ ਰਿਹਾ ਹੈ, ਤਾਂ ਜੋ ਜਲਦ ਤੋਂ ਜਲਦ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਖ਼ਤ ਤੋਂ ਲਾਹ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਸੂਬੇ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਆਂਦਾ ਜਾ ਸਕੇ।