ਏਐੱਫਪੀਆਈ ਨੇ ਸਿਖਲਾਈ ਪ੍ਰੋਗਰਾਮ ਲਈ ਪਹਿਲੀ ਤੋਂ ਮੰਗੀਆਂ ਅਰਜ਼ੀਆਂ ਏ.ਐਫ.ਪੀ.ਆਈ. ਵੱਲੋਂ 17ਵੇਂ ਕੋਰਸ ਲਈ ਆਨਲਾਈਨ ਅਰਜ਼ੀਆਂ 1 ਅਕਤੂਬਰ ਤੋਂ ਸ਼ੁਰੂ
Publish Date: Sat, 26 Sep 2026 09:19 PM (IST)
Updated Date: Sat, 26 Sep 2026 09:21 PM (IST)
--ਪੰਜਾਬ ਦੇ ਲੜਕੇ ਐੱਨਡੀਏ ਆਧਾਰਿਤ ਸਿਖਲਾਈ ਪ੍ਰੋਗਰਾਮ ਲਈ ਅਪਲਾਈ ਕਰਨ ਦੇ ਯੋਗ --ਆਖਰੀ ਮਿਤੀ 15 ਦਸੰਬਰ, ਦਾਖਲਾ ਪ੍ਰੀਖਿਆ 3 ਜਨਵਰੀ 2027; ਅਰਜ਼ੀਆਂ ਆਨਲਾਈਨ ਮੰਗੀਆਂ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐੱਫਪੀਆਈ) ਨੇ ਪੰਜਾਬ ਦੇ ਯੋਗ ਲੜਕਿਆਂ ਤੋਂ ਆਪਣੇ 17ਵੇਂ ਕੋਰਸ ਵਿੱਚ ਦਾਖਲੇ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਹ ਸੰਸਥਾ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਦਾਖਲੇ ਲਈ ਨੌਜਵਾਨਾਂ ਨੂੰ ਵਿਸ਼ੇਸ਼ ਸਿਖਲਾਈ ਤੇ ਤਿਆਰੀ ਕਰਵਾਉਂਦੀ ਹੈ। ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 17ਵੇਂ ਕੋਰਸ ਲਈ ਦਾਖਲਾ ਪ੍ਰੀਖਿਆ 3 ਜਨਵਰੀ, 2027 ਦਿਨ ਐਤਵਾਰ ਨੂੰ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਅੰਗਰੇਜ਼ੀ, ਗਣਿਤ, ਵਿਗਿਆਨ ਤੇ ਸਮਾਜਿਕ ਸਿੱਖਿਆ ਦੇ ਵਿਸ਼ੇ ਸ਼ਾਮਲ ਹੋਣਗੇ ਤੇ ਪ੍ਰਸ਼ਨ ਪੱਤਰ ਸੀਬੀਐੱਸਈ ਦੇ 10ਵੀਂ ਜਮਾਤ ਦੇ ਮਿਆਰ ਤੇ ਆਧਾਰਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਕੇਵਲ ਪੰਜਾਬ ਦੇ ਰਹਿਣ ਵਾਵੇ (ਰਿਹਾਇਸ਼ੀ ਸਰਟੀਫਿਕੇਟ) ਵਾਲੇ ਲੜਕੇ ਹੀ ਅਪਲਾਈ ਕਰਨ ਦੇ ਯੋਗ ਹਨ। ਉਮੀਦਵਾਰ ਦਾ ਜਨਮ 2 ਜਨਵਰੀ, 2010 ਤੋਂ ਪਹਿਲਾਂ ਦਾ ਨਹੀਂ ਹੋਣਾ ਚਾਹੀਦਾ ਤੇ ਉਹ 10ਵੀਂ ਜਮਾਤ ਵਿੱਚ ਪੜ੍ਹਦਾ ਹੋਣਾ ਚਾਹੀਦਾ ਹੈ। 11ਵੀਂ ਜਮਾਤ ਵਿੱਚ ਪੜ੍ਹ ਰਹੇ ਲੜਕੇ ਵੀ ਅਪਲਾਈ ਕਰ ਸਕਦੇ ਹਨ; ਹਾਲਾਂਕਿ, ਅਜਿਹੇ ਉਮੀਦਵਾਰਾਂ ਨੂੰ ਨਿਰਧਾਰਤ ਉਮਰ ਦੀਆਂ ਸ਼ਰਤਾਂ ਪੂਰੀਆਂ ਕਰਨ ਤੇ ਹੀ 11ਵੀਂ ਜਮਾਤ ਵਿੱਚ ਦਾਖਲ ਕੀਤਾ ਜਾਵੇਗਾ ਤੇ ਨਤੀਜੇ ਵਜੋਂ ਉਨ੍ਹਾਂ ਨੂੰ 11ਵੀਂ ਜਮਾਤ ਦੁਹਰਾਉਣੀ ਪਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ ਮੋਹਾਲੀ ਦੇ ਇੱਕ ਨਾਮਵਰ ਸਕੂਲ ਵਿੱਚ 11ਵੀਂ ਤੇ 12ਵੀਂ ਜਮਾਤ ਲਈ ਬਹੁਤ ਹੀ ਰਿਆਇਤੀ ਦਰਾਂ ਤੇ ਸਿੱਖਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਖੇਡਾਂ ਤੇ ਹੋਰ ਗਤੀਵਿਧੀਆਂ ਵਿੱਚ ਵੀ ਵਧੀਆ ਮੌਕੇ ਪ੍ਰਦਾਨ ਕਰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਦਿਆਰਥੀਆਂ ਨੂੰ ਮੁਫ਼ਤ ਆਧੁਨਿਕ ਹੋਸਟਲ ਦੀ ਸਹੂਲਤ ਦਿੱਤੀ ਜਾਵੇਗੀ, ਜਿਸ ਵਿੱਚ ਅਟੈਚਡ ਬਾਥਰੂਮ ਵਾਲੇ ਨਿੱਜੀ ਕਮਰੇ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਚਾਹਵਾਨ ਉਮੀਦਵਾਰ 1 ਅਕਤੂਬਰ, 2026 ਨੂੰ ਸਵੇਰੇ 10 ਵਜੇ ਤੋਂ 15 ਦਸੰਬਰ, 2026 ਨੂੰ ਸ਼ਾਮ 5 ਵਜੇ ਤੱਕ ਭਰਤੀ ਪੋਰਟਲ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ। ਯੋਗਤਾ, ਦਾਖਲੇ ਤੇ ਪ੍ਰਵੇਸ਼ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ (http://www.mrsafpi.punjab.gov.in) ਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰ ਡਾਇਰੈਕਟਰ, ਏਐੱਫਪੀਆਈ ਸੈਕਟਰ-77, ਮੋਹਾਲੀ ਨਾਲ ਵੀ ਸੰਪਰਕ ਕਰ ਸਕਦੇ ਹਨ ਜਾਂ ਕੰਮਕਾਜ ਵਾਲੇ ਦਿਨਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਟੈਲੀਫੋਨ ਨੰਬਰ 0172-2219707 ਤੇ 9041006305 ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।