ਵਨਨੈੱਸ ਵਨ : ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ, ਦੋਵੇਂ ਹੀ ਹਾਨੀਕਾਰਕ ਵਨਨੈੱਸ ਵਨ - ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ, ਦੋਨੋ ਹੀ ਹਾਨੀਕਾਰਕ ਹਨ
Publish Date: Sun, 23 Aug 2026 08:49 PM (IST)
Updated Date: Sun, 23 Aug 2026 08:51 PM (IST)
---ਸੰਤ ਨਿਰੰਕਾਰੀ ਮਿਸ਼ਨ ਵੱਲੋਂ ਪੂਰੇ ਭਾਰਤ ’ਚ 10 ਲੱਖ ਪੌਦੇ ਲਗਾਏ ਗਏ --ਬ੍ਰਾਂਚ ਕਪੂਰਥਲਾ ਵੱਲੋਂ ਸ਼ਾਲੀਮਾਰ ਬਾਗ਼, ਕਪੂਰਥਲਾ ਵਿਖੇ ਪੌਦੇ ਲਗਾਏ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵਾਤਾਵਰਨ ਵਿੱਚ ਸ਼ੁੱਧਤਾ ਤੇ ਸੰਤੁਲਨ ਬਣਾਈ ਰੱਖਣ ਦੀ ਸੋਚ ਦੇ ਨਾਲ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਕਪੂਰਥਲਾ ਦੇ ਸ਼ਰਧਾਲੂਆਂ ਵੱਲੋਂ ਵਨਨੈੱਸ ਵਨ ਮੁਹਿੰਮ ਦੇ ਅਧੀਨ ਸ਼ਾਲੀਮਾਰ ਬਾਗ਼ ਵਿਖੇ ਕੁੱਝ ਨਵੇਂ ਪੌਦੇ ਲਗਾਏ ਗਏ ਤੇ ਪਹਿਲਾਂ ਲਗਾਏ ਪੌਦਿਆਂ ਦੀ ਸੰਭਾਲ ਕੀਤੀ ਗਈ। ਇਸਦੇ ਨਾਲ ਹੀ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦਾ ਰੂਹਾਨੀ ਸੰਦੇਸ਼ ‘ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ, ਦੋਵੇਂ ਹੀ ਖ਼ਤਰਨਾਕ ਹਨ’ ਦਿੱਤਾ ਗਿਆ। ਜਿੱਥੇ ਅਧਿਆਤਮਿਕਤਾ ਇਨਸਾਨ ਨੂੰ ਨਕਾਰਾਤਮਕ ਸੋਚ ਦੇ ਪ੍ਰਦੂਸ਼ਣ ਤੋਂ ਮੁਕਤ ਕਰਦੀ ਹੈ ਉਥੇ ਹੀ ਅਜਿਹੇ ਵਿਵੇਕੀ ਪੁਰਸ਼ ਕੁਦਰਤ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਉਸਦੇ ਅਸਲ ਰੂਪ ਨੂੰ ਕਾਇਮ ਰੱਖਣ ਲਈ ਯਤਨਸ਼ੀਲ ਰਹਿੰਦੇ ਹਨ। ਇਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਜ਼ੋਨ ਕਪੁਰਥਲਾ ਦੇ ਜ਼ੋਨਲ ਇੰਚਾਰਜ ਗੁਲਸ਼ਨ ਲਾਲ ਆਹੂਜਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਾਵਨ ਆਸ਼ੀਰਵਾਦ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਅਗਸਤ 2021 ਵਿੱਚ ਹੋਈ ਸੀ। ਇਹ ਵਿਲੱਖਣ ਪਹਿਲਕਦਮੀ ਦਾ ਮਨੋਰਥ ਸਿਰਫ਼ ਰੁੱਖ ਲਗਾਉਣਾ ਹੀ ਨਹੀਂ, ਸਗੋਂ ਕੁਦਰਤ ਨਾਲ ਰੂਹਾਨੀ ਸਾਂਝ ਨੂੰ ਮੁੜ ਸੁਰਜੀਤ ਕਰਨਾ ਹੈ। ਇਸ ਮੁਹਿੰਮ ਮੌਕੇ ਖੇਤਰੀ ਸੰਚਾਲਕ ਡਾ. ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਅੱਜ ਸੰਤ ਨਿਰੰਕਾਰੀ ਸੇਵਾ ਦਲ ਤੇ ਨਿਰੰਕਾਰੀ ਸ਼ਰਧਾਲੂਆਂ ਵੱਲੋਂ ਸ਼ਾਲੀਮਾਰ ਬਾਗ਼, ਕਪੂਰਥਲਾ ਵਿਖੇ ਕੁਝ ਪੌਦੇ ਲਾਏ ਗਏ ਹਨ ਤੇ ਚਾਰ ਸਾਲ ਪਹਿਲਾਂ ਏਥੇ ਸੰਤ ਨਿਰੰਕਾਰੀ ਮਿਸ਼ਨ ਕਪੂਰਥਲਾ ਵੱਲੋਂ ਜਿਹੜਾ ਮਿੰਨੀ ਜੰਗਲ ਲਗਾਇਆ ਸੀ ਉਸਦੀ ਦੇਖ-ਰੇਖ ਕੀਤੀ ਗਈ। ਉਸਦੇ ਸਾਰੇ ਪੌਦੇ ਹੁਣ ਰੁੱਖ ਬਣ ਚੁੱਕੇ ਹਨ। ਇਸ ਰੁੱਖ ਲਗਾਓ ਮੁਹਿੰਮ ਅਧੀਨ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਹੁਣ ਤੱਕ ਲਗਭਗ 350 ਮਿੰਨੀ ਜੰਗਲ (ਰੁੱਖ-ਸਮੂਹ) ਸਥਾਪਿਤ ਕੀਤੇ ਜਾ ਚੁੱਕੇ ਹਨ, ਜਦੋਂ ਕਿ 600 ਤੋਂ ਵੱਧ ‘ਵਨਨੈੱਸ ਵਨ’ ਸਥਾਨਾਂ ਤੇ ਸ਼ਰਧਾਲੂ ਤੇ ਸੇਵਾਦਾਰ ਪੂਰਨ ਸਮਰਪਣ ਭਾਵ ਨਾਲ ਇਨ੍ਹਾਂ ਰੁੱਖਾਂ ਦੀ ਸੰਭਾਲ ਤੇ ਪਾਲਣਾ ਕਰ ਰਹੇ ਹਨ। ਇਹ ਮੁਹਿੰਮ ਸਿਰਫ਼ ਰੁੱਖ ਲਗਾਉਣ ਤੱਕ ਸੀਮਤ ਨਹੀਂ ਹੈ, ਸਗੋਂ ਸਮਾਜ ਵਿੱਚ ਕੁਦਰਤ ਪ੍ਰਤੀ ਜਾਗਰੂਕਤਾ, ਸੰਵੇਦਨਸ਼ੀਲਤਾ, ਵਾਤਾਵਰਨ ਜ਼ਿੰਮੇਵਾਰੀ ਤੇ ਸਾਂਝੀ ਭਾਗੀਦਾਰੀ ਦੇ ਸੱਭਿਆਚਾਰ ਨੂੰ ਵੀ ਮਜ਼ਬੂਤ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਮੁਹਿੰਮ ਦੇਸ਼ ਭਰ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਸਮੇਤ 630 ਸਥਾਨਾਂ ਤੇ ਇੱਕੋ ਸਮੇਂ ਚਲਾਈ ਗਈ। ਇਸ ਮੌਕੇ ਮਿਸ਼ਨ ਦੇ ਲੱਖਾਂ ਸ਼ਰਧਾਲੂ ਤੇ ਸੇਵਾਦਾਰ ਸਮਰਪਿਤ ਭਾਵ ਨਾਲ ਹਿੱਸਾ ਲੈਂਦਿਆਂ ਲਗਭਗ 10 ਲੱਖ ਪੌਦੇ ਲਗਾਏ ਗਏ ਹਨ। ਇਸ ਮੁਹਿੰਮ ਦੀ ਖ਼ਾਸੀਅਤ ਇਹ ਹੈ ਕਿ ਮਿਸ਼ਨ ਸਿਰਫ਼ ਪੌਦੇ ਲਗਾਉਣ ਤੱਕ ਆਪਣੀ ਜ਼ਿੰਮੇਵਾਰੀ ਸੀਮਤ ਨਹੀਂ ਰੱਖਦਾ, ਸਗੋਂ ਉਨ੍ਹਾਂ ਦੇ ਰੁੱਖ ਬਣਨ ਤੱਕ ਲਗਾਤਾਰ ਦੇਖਭਾਲ ਕਰਨ ਦਾ ਸੰਕਲਪ ਵੀ ਨਿਭਾਉਂਦਾ ਹੈ। ਹਰੇਕ ਪੌਦੇ ਦੀ 3 ਤੋਂ 5 ਸਾਲਾਂ ਤੱਕ ਲਗਾਤਾਰ ਦੇਖਭਾਲ ਕੀਤੀ ਜਾਵੇਗੀ, ਤਾਂ ਜੋ ਉਹ ਵਿਕਸਿਤ ਹੋ ਕੇ ਘਣੇ ਛੋਟੇ ਜੰਗਲਾਂ ਦਾ ਰੂਪ ਲੈ ਸਕਣ।