ਬੇਬੇ ਨਾਨਕੀ ਕਾਲਜ ’ਚ ਮੇਕਅੱਪ ਵਰਕਸ਼ਾਪ ਲਗਾਈ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਇੱਕ ਰੋਜ਼ਾ ਮੇਕਅੱਪ ਵਰਕਸ਼ਾਪ ਦਾ ਆਯੋਜਨ
Publish Date: Tue, 20 Oct 2026 09:35 PM (IST)
Updated Date: Tue, 20 Oct 2026 09:36 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ ਦੇ ਕੋਸਮੈਟੋਲੋਜੀ ਵਿਭਾਗ ਵੱਲੋਂ ਵਿਦਿਆਰਥਣਾਂ ਦੇ ਹੁਨਰ ਨੂੰ ਨਿਖਾਰਨ ਲਈ ਇੱਕ ਰੋਜ਼ਾ ਮੇਕਅੱਪ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥਣਾਂ ਨੂੰ ਮੇਕਅੱਪ ਦੇ ਆਧੁਨਿਕ ਤਰੀਕਿਆਂ ਤੇ ਪੇਸ਼ੇਵਰ ਹੁਨਰਾਂ ਬਾਰੇ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ। ਵਰਕਸ਼ਾਪ ਦੌਰਾਨ ਅਮਨਜ਼ ਮੇਕਓਵਰਜ਼ ਤੋਂ ਆਏ ਮਾਹਿਰ ਮੇਕਅੱਪ ਆਰਟਿਸਟ ਨੇ ਵਿਦਿਆਰਥਣਾਂ ਨੂੰ ਮੇਕਅੱਪ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੇਸ ਤੇ ਸਕਿਨ ਦੀ ਤਿਆਰੀ, ਆਈ ਮੇਕਅੱਪ ਤਕਨੀਕਾਂ, ਕੰਟੂਰਿੰਗ ਤੇ ਹਾਈਲਾਈਟਿੰਗ, ਪੇਸ਼ੇਵਰ ਮੇਕਅੱਪ ਦੇ ਤਰੀਕਿਆਂ ਅਤੇ ਇਸ ਨਾਲ ਸਬੰਧਤ ਟਿਪਸ ਤੇ ਟ੍ਰਿਕਸ ਦੀ ਪ੍ਰੈਕਟੀਕਲ ਡੈਮੋਨਸਟ੍ਰੇਸ਼ਨ ਰਾਹੀਂ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੇ ਇਸ ਵਰਕਸ਼ਾਪ ਵਿੱਚ ਸਰਗਰਮੀ ਨਾਲ ਭਾਗ ਲਿਆ ਤੇ ਮੇਕਅੱਪ ਦੇ ਵਿਹਾਰਕ ਹੁਨਰ ਸਿੱਖੇ। ਕੋਸਮੈਟੋਲੋਜੀ ਵਿਭਾਗ ਦੇ ਮੈਡਮ ਪਲਕਾ ਨੇ ਵਰਕਸ਼ਾਪ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੇ ਯਤਨਾਂ ਸਦਕਾ ਵਿਦਿਆਰਥਣਾਂ ਨੂੰ ਪੇਸ਼ੇਵਰ ਮਾਹਿਰਾਂ ਤੋਂ ਸਿੱਖਣ ਤੇ ਆਪਣੇ ਹੁਨਰਾਂ ਨੂੰ ਹੋਰ ਬਿਹਤਰ ਬਣਾਉਣ ਦਾ ਮੌਕਾ ਮਿਲਿਆ। ਕੋਸਮੈਟੋਲੋਜੀ ਵਿਭਾਗ ਦੇ ਮੁਖੀ ਡਾ. ਪਰਮਜੀਤ ਕੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥਣਾਂ ਨੂੰ ਰਵਾਇਤੀ ਸਿੱਖਿਆ ਦੇ ਨਾਲ-ਨਾਲ ਵਿਹਾਰਕ ਤੇ ਰੁਜ਼ਗਾਰਮੁਖੀ ਹੁਨਰ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਸੁੰਦਰਤਾ ਤੇ ਕੋਸਮੈਟੋਲੋਜੀ ਦੇ ਖੇਤਰ ਵਿੱਚ ਸਵੈ-ਰੁਜ਼ਗਾਰ ਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ। ਅਜਿਹੇ ਉਪਰਾਲੇ ਵਿਦਿਆਰਥਣਾਂ ਨੂੰ ਆਤਮ-ਨਿਰਭਰ ਬਣਨ ਲਈ ਪ੍ਰੇਰਿਤ ਕਰਦੇ ਹਨ। ਕਾਲਜ ਦੇ ਮਾਣਯੋਗ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਵਰਕਸ਼ਾਪ ਦੀ ਸਫ਼ਲਤਾ ਲਈ ਕੋਸਮੈਟੋਲੋਜੀ ਵਿਭਾਗ ਤੇ ਮੈਡਮ ਪਲਕਾ ਦੇ ਯਤਨਾਂ ਦੀ ਸ਼ਲਾਘਾ ਕੀਤੀ।