ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ : ਚਾਹਲ ਸਮਾਨਤਾ ਦਾ ਸੰਦੇਸ਼ ਦੇਣ ਵਾਲੇ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ਅਤੇ ਆਦਰਸ਼ਾਂ ਤੇ ਚੱਲਣਾ ਚਾਹੀਦਾ ਹੈ : ਮੰਮੂ ਚਾਹਲ
Publish Date: Mon, 26 Oct 2026 07:09 PM (IST)
Updated Date: Mon, 26 Oct 2026 07:10 PM (IST)
ਅਮਰੀਕ ਮੱਲ੍ਹੀ\ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਹਲਕੇ ਦੇ ਪਿੰਡ ਸਿੱਧਵਾਂ ਦੋਨਾਂ ਵਿਖੇ ਆਯੋਜਿਤ ਸਮਾਗਮ ਵਿਚ ਅਜ਼ਾਦ ਉਮੀਦਵਾਰ ਮਲਵਿੰਦਰ ਸਿੰਘ ਚਾਹਲ ਮੰਮੂ ਚਾਹਲ ਨੇ ਸ਼ਿਰਕਤ ਕਰਦਿਆਂ ਭਗਵਾਨ ਵਾਲਮੀਕਿ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਮਲਵਿੰਦਰ ਸਿੰਘ ਚਾਹਲ ਮੰਮੂ ਚਾਹਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮੰਮੂ ਚਾਹਲ ਨੇ ਸਮੂਹ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਲੋਕਾਂ ਨੂੰ ਸਮਾਨਤਾ ਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ’ਤੇ ਆਦਰਸ਼ਾਂ ਤੇ ਚੱਲਣ ਦਾ ਸੱਦਾ ਦਿੱਤਾ ਹੈ ਤਾਂ ਜੋ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਮਹਾਰਾਜ ਵਿਸ਼ਵ ਦੇ ਪਹਿਲੇ ਕਵੀ ਜਾਂ ਆਦਿ ਕਵੀ ਸਨ ਜਿਨ੍ਹਾਂ ਆਪਣੀ ਅਮਰ ਤੇ ਮਹਾਨ ਰਚਨਾ ਰਾਮਾਇਣ ਰਾਹੀਂ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਮਹਾਨ ਮਹਾਂਕਾਵਿ ਸਦੀਆਂ ਤੋਂ ਲੋਕਾਂ ਨੂੰ ਜੀਵਨ ਜਾਚ ਸਿਖਾਉਂਦਾ ਆਇਆ ਹੈ ਤੇ ਲੋਕਾਂ ਲਈ ਨੈਤਿਕ ਜੀਵਨ ਦਾ ਚਾਨਣ ਮੁਨਾਰਾ ਰਿਹਾ ਹੈ ਜੋ ਕਿ ਮੌਜੂਦਾ ਪਦਾਰਥਵਾਦੀ ਸਮਾਜ ਵਿੱਚ ਕਿਤੇ ਜ਼ਿਆਦਾ ਪ੍ਰਸੰਗਿਕ ਸੀ। ਮੰਮੂ ਚਾਹਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਮਹਾਰਾਜ ਦੀਆਂ ਸਿੱਖਿਆਵਾਂ ਸਮਾਜ ਵਿੱਚ ਬਰਾਬਰਤਾ ਦੇ ਨਾਲ-ਨਾਲ ਨੈਤਿਕਤਾ ’ਤੇ ਜ਼ੋਰ ਦਿੰਦੀਆਂ ਹਨ ਕਿ ਇੱਕ ਆਦਰਸ਼ ਰਾਜ ਜਾਂ ਸਮਾਜ ਦੀ ਸਿਰਜਣਾ ਲਈ ਇੱਕ ਆਦਰਸ਼ ਮਨੁੱਖ, ਆਦਰਸ਼ ਸ਼ਾਸਕ ਅਤੇ ਆਦਰਸ਼ ਲੋਕਾਂ ਨੂੰ ਕਿਸ ਤਰ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੇਲ ਸਿੰਘ, ਪ੍ਰਧਾਨ ਬਲਬੀਰ ਕੋਚ ਗਿੱਲ, ਦੇਵ ਰਾਜ ਗਿੱਲ, ਤੀਰਥ ਸਿੰਘ ਗਿੱਲ, ਪ੍ਰਧਾਨ ਕਮਲਜੀਤ, ਰੇਸ਼ਮ ਸਿੰਘ, ਤਰਵਿੰਦਰ ਸਿੰਘ ਬੱਬਾ, ਜਰਨੈਲ ਸਿੰਘ ਗਿੱਲ, ਬਾਬਾ ਜੋਤ ਸਿੰਘ ਗਿੱਲ, ਜਤਿੰਦਰ ਕੁਮਾਰ ਰਾਜੂ ਆਦਿ ਹਾਜ਼ਰ ਸਨ।