ਮੋਬਾਈਲ ਫੋਨ ਖੋਹ ਕੇ ਭੱਜਣ ਵਾਲਾ ਇੱਕ ਕਾਬੂ, ਦੋ ਫ਼ਰਾਰ ਪਲਾਹੀ ਗੇਟ ਪੈਦਲ ਜਾ ਰਹੇ ਵਿਅਕਤੀ ਪਾਸੋਂ ਮੋਬਾਈਲ ਫੋਨ ਖੋਹ ਕੇ ਭੱਜਣ ਵਾਲਾ ਇੱਕ ਲੁਟੇਰਾ ਕਾਬੂ, ਦੋ ਫ਼ਰਾਰ
Publish Date: Sat, 05 Sep 2026 08:32 PM (IST)
Updated Date: Sat, 05 Sep 2026 08:34 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਫਗਵਾੜਾ ਦੇ ਪਲਾਹੀ ਰੋਡ ’ਤੇ ਦੇਰ ਰਾਤ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋਣ ਵਾਲੇ ਤਿੰਨ ਲੁਟੇਰਿਆਂ ਵਿੱਚੋਂ ਇੱਕ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਉਸ ਦੇ ਦੋ ਹੋਰ ਸਾਥੀ ਫ਼ਰਾਰ ਹੋਣ ਵਿੱਚ ਕਾਮਯਾਬ ਰਹੇ। ਜਾਣਕਾਰੀ ਅਨੁਸਾਰ ਬਲਜੀਤ ਸਿੰਘ ਨਾਮਕ ਵਿਅਕਤੀ ਦੇਰ ਰਾਤ ਪਲਾਹੀ ਰੋਡ ’ਤੇ ਪੈਦਲ ਜਾ ਰਿਹਾ ਸੀ। ਇਸ ਦੌਰਾਨ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦਾ ਮੋਬਾਈਲ ਫੋਨ ਖੋਹ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ। ਮੋਬਾਈਲ ਖੋਹੇ ਜਾਣ ਤੋਂ ਬਾਅਦ ਪੀੜਤ ਬਲਜੀਤ ਸਿੰਘ ਨੇ ਲੁਟੇਰਿਆਂ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਵੇਰੇ ਜਦੋਂ ਉਹ ਸ਼ੂਗਰ ਮਿੱਲ ਦੇ ਨੇੜਿਓਂ ਲੰਘ ਰਿਹਾ ਸੀ ਤਾਂ ਉਸ ਦੀ ਨਜ਼ਰ ਸੜਕ ਕਿਨਾਰੇ ਨਸ਼ੇ ਦੀ ਹਾਲਤ ਵਿੱਚ ਡਿੱਗੇ ਪਏ ਇੱਕ ਵਿਅਕਤੀ ’ਤੇ ਪਈ। ਬਲਜੀਤ ਸਿੰਘ ਨੇ ਉਸ ਨੂੰ ਪਛਾਣ ਲਿਆ। ਬਲਜੀਤ ਸਿੰਘ ਵੱਲੋਂ ਪਛਾਣ ਕੀਤੇ ਜਾਣ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਵੀ ਮੌਕੇ ’ਤੇ ਇਕੱਠੇ ਹੋ ਗਏ। ਲੋਕਾਂ ਨੇ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਪੁਲਿਸ ਕੰਟਰੋਲ ਰੂਮ (ਪੀਸੀਆਰ) ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀ ਪੀਸੀਆਰ ਟੀਮ ਨੇ ਨੌਜਵਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਲਈ ਪੁਲਿਸ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਫੜਿਆ ਗਿਆ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੀ। ਉੱਧਰ, ਮੋਬਾਈਲ ਖੋਹਣ ਤੋਂ ਬਾਅਦ ਉਸ ਦੇ ਦੋ ਹੋਰ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ, ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਤੇ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਹੈ।