ਨੈਸ਼ਨਲ ਹਾਈਵੇ ’ਤੇ ਵਾਪਰੇ ਦੋ ਸੜਕ ਹਾਦਸੇ
ਨੈਸ਼ਨਲ ਹਾਈਵੇ ਤੇ ਵਾਪਰੇ ਦੋ ਸੜਕੀ ਹਾਦਸਿਆਂ ਵਿੱਚ ਇੱਕ ਗੰਭੀਰ ਜ਼ਖਮੀ, ਮਸ਼ੀਨਰੀ ਦਾ ਭਾਰੀ ਨੁਕਸਾਨ
Publish Date: Fri, 25 Sep 2026 07:29 PM (IST)
Updated Date: Fri, 25 Sep 2026 07:30 PM (IST)
ਹਾਦਸੇ ’ਚ ਇੱਕ ਗੰਭੀਰ ਜ਼ਖਮੀ, ਮਸ਼ੀਨਰੀ ਦਾ ਭਾਰੀ ਨੁਕਸਾਨ ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਨੈਸ਼ਨਲ ਹਾਈਵੇ ਫਗਵਾੜਾ ਸਥਿਤ ਹਵੇਲੀ ਪੁਲ ਲਾਗੇ ਜਲੰਧਰ ਸਾਈਡ ਤੋਂ ਫਗਵਾੜਾ ਵੱਲ ਤੇਜ਼ ਰਫਤਾਰ ਜਾ ਰਹੀ ਇੱਕ ਬੀਐੱਮਡਬਲਯੂ ਗੱਡੀ ਨੇ ਅੱਗੇ ਜਾ ਰਹੇ ਇੱਕ ਸਪਲੈਂਡਰ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਮੋਟਰਸਾਈਕਲ ਚਾਲਕ ਗੰਭੀਰ ਜ਼ਖਮੀ ਹੋ ਗਿਆ। ਮੌਕੇ ’ਤੇ ਪੁੱਜੀ ਐੱਸਐੱਸਫੋਰਸ ਟੀਮ ਦੇ ਹਾਈਵੇ ਪੁਲਿਸ ਇੰਚਾਰਜ ਏਐੱਸ ਮੱਖਣ ਸਿੰਘ ਨੇ ਦੱਸਿਆ ਕਿ ਹਾਦਸਾ ਵਾਪਰਦਿਆਂ ਹੀ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਜਦਕਿ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਜ਼ਖਮੀ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਭੇਜਿਆ ਗਿਆ। ਜ਼ਖਮੀ ਦੀ ਪਹਿਚਾਣ ਸਾਜਨ ਕੁਮਾਰ ਪੁੱਤਰ ਸੁਰਾਮ ਸਿੰਘ, ਵਾਸੀ ਦਸੂਹਾ ਮੁਕੇਰੀਆਂ, ਹੁਸ਼ਿਆਰਪੁਰ ਦੇ ਰੂਪ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸੇ ਹੀ ਤਰ੍ਹਾਂ ਲੁਧਿਆਣਾ ਤੋਂ ਫਗਵਾੜਾ ਜਾਂਦੇ ਸਮੇਂ ਇੱਕ ਛੋਟੇ ਹਾਥੀ ਨੇ ਸਿੰਗਲਾ ਰਿਜ਼ੋਰਟ ਪੁਲ ਨੇੜੇ ਇੱਕ ਕਾਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਦੌਰਾਨ ਦੋਹਾਂ ਗੱਡੀਆਂ ਦੀ ਮਸ਼ੀਨਰੀ ਦਾ ਭਾਰੀ ਨੁਕਸਾਨ ਹੋਇਆ ਤੇ ਕਾਫੀ ਬਹਿਸਬਾਜ਼ੀ ਤੋਂ ਬਾਅਦ ਦੋਹਾਂ ਧਿਰਾਂ ਨੇ ਆਪਸ ਵਿੱਚ ਰਾਜ਼ੀਨਾਮਾ ਕਰ ਲਿਆ।