ਲਾਵਾਰਿਸ ਹਾਲਤ ’ਚ ਖੜ੍ਹੀਆਂ ਦੋ ਗੱਡੀਆਂ ’ਚੋਂ ਇਕ ਗਾਇਬ
ਸ਼ੱਕੀ ਹਾਲਤ ’ਚ ਲਾਵਾਰਸ ਖੜ੍ਹੀਆਂ ਦੋ ਗੱਡੀਆਂ ਵਿੱਚੋ ਅਚਾਨਕ ਇੱਕ ਗੱਡੀ ਹੋਈ ਗਾਇਬ, ਲੋਕਾਂ ਨੇ ਪੁਲਿਸ ਕੋਲੋ ਜਾਂਚ ਦੀ ਕੀਤੀ ਮੰਗ
Publish Date: Sun, 29 Mar 2026 09:00 PM (IST)
Updated Date: Sun, 29 Mar 2026 09:02 PM (IST)

ਲੋਕਾਂ ਨੇ ਪੁਲਿਸ ਕੋਲੋਂ ਜਾਂਚ ਦੀ ਕੀਤੀ ਮੰਗ 4-5 ਮਹੀਨਿਆਂ ਤੋਂ ਸ਼ਰਾਬ ਦੇ ਠੇਕੇ ਕੋਲ ਖੜ੍ਹੀਆਂ ਸਨ ਦੋਵੇਂ ਗੱਡੀਆਂ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪਿੰਡ ਡਡਵਿੰਡੀ ਵਿਚ ਸ਼ਰਾਬ ਦੇ ਠੇਕੇ ਦੇ ਕੋਲ ਕਈ ਮਹੀਨਿਆਂ ਤੋਂ ਐਕਸੀਡੈਂਟ ਹੋਈਆਂ ਦੋ ਗੱਡੀਆਂ ਸ਼ੱਕੀ ਹਾਲਤ ਵਿਚ ਖੜ੍ਹੀਆਂ ਸਨ, ਜਿਨ੍ਹਾਂ ’ਚੋਂ ਇਕ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਮੁਤਾਬਕ ਇਹ ਗੱਡੀਆਂ ਤਕਰੀਬਨ 4- ਮਹੀਨਿਆਂ ਤੋਂ ਉਥੇ ਖੜ੍ਹੀਆਂ ਰਹੀਆਂ, ਪਰ ਸਬੰਧਤ ਪੁਲਿਸ ਚੌਕੀ ਵੱਲੋਂ ਇਨ੍ਹਾਂ ਦੀ ਜਾਂਚ ਕਰਨ ਲਈ ਕੋਈ ਗੰਭੀਰ ਕੋਸ਼ਿਸ਼ ਨਹੀਂ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਵੱਲੋਂ ਸਮੇਂ-ਸਿਰ ਕਾਰਵਾਈ ਕੀਤੀ ਜਾਂਦੀ ਤਾਂ ਇਹ ਗੱਡੀਆਂ ਇੰਨਾ ਲੰਮਾ ਸਮਾਂ ਸ਼ੱਕੀ ਹਾਲਤ ਵਿਚ ਖੜ੍ਹੀਆਂ ਨਾ ਰਹਿੰਦੀਆਂ। ਜਦੋਂ ਪੰਜਾਬੀ ਜਾਗਰਣ ਦੇ ਪੱਤਰਕਾਰ ਵੱਲੋਂ ਇਨ੍ਹਾਂ ਗੱਡੀਆਂ ਦੀਆਂ ਤਸਵੀਰਾਂ ਖਿੱਚੀਆਂ ਤਾਂ ਦੋ-ਤਿੰਨ ਦਿਨ ਬਾਅਦ ਹੀ ਉਥੇ ਖੜ੍ਹੀਆਂ ਦੋ ਵਿਚੋਂ ਇਕ ਗੱਡੀ ਅਚਾਨਕ ਗਾਇਬ ਹੋ ਗਈ, ਜਿਸਦੇ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਖੜ੍ਹੀ ਰਹਿਣ ਕਾਰਨ ਪਹਿਲਾਂ ਚਾਰੇ ਟਾਇਰ (ਜਾਂ ਤਾਂ ਗੱਡੀ ਦੇ ਮਾਲਕਾਂ ਵੱਲੋਂ ਲਾਹੇ ਗਏ ਸਨ ਜਾਂ ਫਿਰ ਕਿਸੇ ਚੋਰਾਂ ਵੱਲੋਂ) ਚੋਰੀ ਕਰ ਲਏ ਗਏ ਸਨ, ਜਿਸ ਨਾਲ ਕਈ ਸਵਾਲ ਖੜ੍ਹੇ ਹੋ ਰਹੇ ਹਨ। ਦੂਜੀ ਗੱਡੀ ਜਿਸਦਾ ਨੰਬਰ ਪੀਬੀ 63 ਸੀ 4399 ਰੰਗ ਵ੍ਹਾਈਟ ਹੈ, ਕਈ ਮਹੀਨਿਆਂ ਤੋਂ ਠੇਕੇ ਦੇ ਬਿਲਕੁਲ ਕੋਲ ਸ਼ੱਕੀ ਹਾਲਾਤ ਵਿਚ ਖੜ੍ਹੀ ਹੈ। ਇਸ ਸਬੰਧੀ ਜਦੋਂ ਪੁਲਿਸ ਚੌਕੀ ਮੋਠਾਂਵਾਲਾ ਦੇ ਨਵੇਂ ਇੰਚਾਰਜ ਏਐੱਸਆਈ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਗੱਡੀ ਦੇ ਮਾਲਕਾਂ ਨੇ ਐਕਸੀਡੈਂਟ ਸਬੰਧੀ ਚੌਂਕੀ ਮੋਠਾਂਵਾਲਾ ਜਾਂ ਥਾਣਾ ਸੁਲਤਾਨਪੁਰ ਲੋਧੀ ਵਿਖੇ ਕੋਈ ਸ਼ਿਕਾਇਤ ਦਰਜ ਕਰਵਾਈ ਗਈ ਹੁੰਦੀ ਤਾਂ ਇਨ੍ਹਾਂ ਗੱਡੀਆਂ ਨੂੰ ਅਸੀਂ ਥਾਣਾ ਸੁਲਤਾਨਪੁਰ ਲੋਧੀ ਵਿਖੇ ਲੈ ਜਾਂਦੇ ਤੇ ਜੇਕਰ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਤਾਂ ਮਾਮਲੇ ਦੀ ਜਾਂਚ ਕਰਕੇ ਪਤਾ ਕਰਦੇ ਹਾਂ। ਇਲਾਕੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਈ ਜਾਵੇ ਤੇ ਜੇਕਰ ਕੋਈ ਗਲਤੀ ਪਾਈ ਗਈ ਤਾਂ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।