ਸੰਵਿਧਾਨ ਚੌਂਕ ਤੇ ਸ਼ਹੀਦ ਭਗਤ ਸਿੰਘ ਚੌਂਕ ਦਾ ਮਸਲਾ ਹੱਲ ਕਰਾਂਗੇ : ਖੁਰਾਣਾ ਸਾਡੀ ਸਰਕਾਰ ਬਣਨ ’ਤੇ ਪਹਿਲੇ ਮਹੀਨੇ ਹੱਲ ਕਰਾਂਗੇ ਸੰਵਿਧਾਨ ਚੌਂਕ ਤੇ ਸ਼ਹੀਦ ਭਗਤ ਸਿੰਘ ਚੌਂਕ ਦਾ ਮਸਲਾ : ਰਣਜੀਤ ਸਿੰਘ ਖੁਰਾਣਾ
Publish Date: Tue, 03 Nov 2026 07:09 PM (IST)
Updated Date: Tue, 03 Nov 2026 07:11 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਫਗਵਾੜਾ ਸ਼ਹਿਰੀ ਤੇ ਕੋਰ ਕਮੇਟੀ ਮੈਂਬਰ, ਇੰਡਸਟਰੀ ਤੇ ਵਪਾਰ ਵਿੰਗ ਪੰਜਾਬ, ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਤੇ ਹੁਣ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ, ਸੁਖ-ਸ਼ਾਂਤੀ ਤੇ ਖੁਸ਼ਹਾਲੀ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ। ਫਗਵਾੜਾ ‘ਚ ਸੰਵਿਧਾਨ ਚੌਕ ਤੇ ਸ਼ਹੀਦ ਭਗਤ ਸਿੰਘ ਚੌਕ ਦਾ ਮਸਲਾ ਅਕਾਲੀ ਸਰਕਾਰ ਤੋਂ ਬਾਅਦ 2018 ਵਿੱਚ ਭਖਿਆ ਜਦੋਂ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ। ਜੇਕਰ ਕਾਂਗਰਸ ਚਾਹੁੰਦੀ ਤਾਂ ਉਸੇ ਸਮੇਂ ਮਸਲੇ ਦਾ ਸ਼ਾਂਤੀ-ਪੂਰਨ ਹਲ ਕਰ ਸਕਦੀ ਸੀ, ਪਰ ਸਿਆਸੀ ਨਫੇ-ਨੁਕਸਾਨ ਵਿੱਚ ਫਸੀ ਰਹੀ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਪੰਜ ਸਾਲ ਤੱਕ ਇਸ ਮਸਲੇ ਨੂੰ ਹਲ ਨਹੀਂ ਕੀਤਾ ਤੇ ਸੱਤਾ ਧਿਰ ਦੇ ਆਗੂਆਂ ਵੱਲੋਂ ਜਾਤੀਗਤ ਤਨਾਅ ਨੂੰ ਹਵਾ ਦਿੱਤੀ ਜਾਂਦੀ ਰਹੀ। ਖੁਰਾਣਾ ਨੇ ਕਿਹਾ ਕਿ ਫਗਵਾੜਾ ਸ਼ਹਿਰ ਵਿੱਚ ਆਪਸੀ ਭਾਈਚਾਰਕ ਸਾਂਝ, ਅਮਨ-ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸੰਵਿਧਾਨ ਚੌਂਕ ਤੇ ਸ਼ਹੀਦ ਭਗਤ ਸਿੰਘ ਚੌਂਕ ਨਾਲ ਸਬੰਧਤ ਚੱਲ ਰਹੇ ਵਿਵਾਦ ਨੂੰ ਸਰਕਾਰ ਦੇ ਪਹਿਲੇ ਮਹੀਨੇ ਦੇ ਅੰਦਰ-ਅੰਦਰ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਕਿਸੇ ਇੱਕ ਧਿਰ ਦੀ ਜਿੱਤ ਜਾਂ ਹਾਰ ਦੇ ਰੂਪ ਵਿੱਚ ਨਹੀਂ, ਸਗੋਂ ਆਪਸੀ ਸਹਿਮਤੀ, ਸਤਿਕਾਰ ਤੇ ਸ਼ਹਿਰ ਦੇ ਸਾਂਝੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਣਾ ਜ਼ਰੂਰੀ ਹੈ ਕਿਉਂਕਿ ਫਗਵਾੜਾ ਸਾਰੇ ਧਰਮਾਂ ਤੇ ਭਾਈਚਾਰਿਆਂ ਦਾ ਸਾਂਝਾ ਸ਼ਹਿਰ ਹੈ ਤੇ ਇੱਥੋਂ ਦੀ ਸ਼ਾਂਤੀ ਤੇ ਭਾਈਚਾਰਕ ਏਕਤਾ ਨੂੰ ਕਿਸੇ ਵੀ ਹਾਲਤ ਵਿੱਚ ਪ੍ਰਭਾਵਿਤ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਸਮੂਹ ਭਾਈਚਾਰਿਆਂ ਦੇ ਲੋਕਾਂ ਨੂੰ ਸ਼ਹਿਰ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਨ ਦੀ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਸ਼ਹਿਰ ਵਿੱਚ ਸਦਭਾਵਨਾ ਤੇ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਪੀਸ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ। ਇਸ ਕਮੇਟੀ ਵਿੱਚ ਹਰ ਧਰਮ, ਹਰ ਭਾਈਚਾਰੇ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇਗਾ, ਤਾਂ ਜੋ ਸ਼ਹਿਰ ਨਾਲ ਜੁੜੇ ਸੰਵੇਦਨਸ਼ੀਲ ਮਸਲਿਆਂ ’ਤੇ ਸਾਰਿਆਂ ਦੀ ਰਾਏ ਲਈ ਜਾ ਸਕੇ। ਉਨ੍ਹਾਂ ਕਿਹਾ ਕਿ ਪੀਸ ਕਮੇਟੀ ਦੀ ਹਰ ਤਿੰਨ ਮਹੀਨੇ ਬਾਅਦ ਮੀਟਿੰਗ ਹੋਵੇਗੀ, ਜਿਸ ਵਿੱਚ ਸ਼ਹਿਰ ਦੇ ਮਾਹੌਲ, ਆਪਸੀ ਸਦਭਾਵਨਾ ਤੇ ਲੋਕਾਂ ਨਾਲ ਸਬੰਧਤ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਰੇ ਧਰਮਾਂ ਤੇ ਵਰਗਾਂ ਦਾ ਬਰਾਬਰ ਸਤਿਕਾਰ ਕਰਦਾ ਹੈ। ਫਗਵਾੜਾ ਦੇ ਲੋਕਾਂ ਦੀ ਵੀ ਇਹ ਸਾਂਝੀ ਜ਼ਿੰਮੇਵਾਰੀ ਹੈ ਕਿ ਉਹ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਆਪਸੀ ਪਿਆਰ, ਸਤਿਕਾਰ ਤੇ ਭਾਈਚਾਰਕ ਏਕਤਾ ਨੂੰ ਪਹਿਲ ਦੇਣ। ਸ਼ਹਿਰ ਦੇ ਲੋਕਾਂ ਦੀ ਭਾਗੀਦਾਰੀ ਤੇ ਸਹਿਯੋਗ ਨਾਲ ਹੀ ਫਗਵਾੜਾ ਨੂੰ ਇੱਕ ਸ਼ਾਂਤਮਈ, ਸਦਭਾਵਨਾਪੂਰਨ ਤੇ ਖੁਸ਼ਹਾਲ ਸ਼ਹਿਰ ਬਣਾਉਣ ਦਾ ਟੀਚਾ ਪੂਰਾ ਕੀਤਾ ਜਾ ਸਕਦਾ ਹੈ।