ਪ੍ਰਕਾਸ਼ ਪੁਰਬ ਮੌਕੇ ਪੁਸਤਕ ਸੰਗਤਾਂ ਨੂੰ ਪ੍ਰਸ਼ਾਦ ਵਜੋਂ ਭੇਟ ਸੁਲਤਾਨਪੁਰ ਲੋਧੀ’ ਪੁਸਤਕ ਸੰਗਤਾਂ ਨੂੰ ਪ੍ਰਸ਼ਾਦ ਵਜੋਂ ਭੇਟ
Publish Date: Tue, 24 Nov 2026 07:13 PM (IST)
Updated Date: Tue, 24 Nov 2026 07:16 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ’ਤੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਭਰਪੂਰ ਉਪਰਾਲੇ ਤਹਿਤ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਲਿਖੀ ਗਈ ਚਿੱਤਰਮਈ ਪੁਸਤਕ ‘ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ’ ਸੰਗਤਾਂ ਨੂੰ ਪ੍ਰਸ਼ਾਦ ਵਜੋਂ ਵੰਡੀ ਗਈ। ਇਹ ਉਪਰਾਲਾ ਹਰਪ੍ਰੀਤ ਸੰਧੂ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਕੀਤਾ ਗਿਆ, ਜੋ ਇਸ ਪਾਵਨ ਅਸਥਾਨ ਪ੍ਰਤੀ ਸ਼ਰਧਾ, ਸਤਿਕਾਰ ਤੇ ਨਿਮਰਤਾ ਭਰੀ ਸੇਵਾ ਦਾ ਪ੍ਰਤੀਕ ਹੈ। ਇਹ ਪੁਸਤਕ ਹਰਪ੍ਰੀਤ ਸੰਧੂ ਵੱਲੋਂ ਸਾਲ 2019 ਤੋਂ ਲਗਾਤਾਰ ਸੁਲਤਾਨਪੁਰ ਲੋਧੀ ਦੇ ਦੌਰਿਆਂ ਤੇ ਇਸ ਇਤਿਹਾਸਕ ਨਗਰੀ ਦੀ ਅਧਿਆਤਮਕ ਮਹਾਨਤਾ ਤੋਂ ਪ੍ਰੇਰਿਤ ਹੋ ਕੇ ਕੀਤੇ ਗਏ ਨਿਰੰਤਰ ਯਤਨਾਂ ਦਾ ਨਤੀਜਾ ਹੈ। ਇਸ ਪਵਿੱਤਰ ਧਰਤੀ ਨਾਲ ਉਨ੍ਹਾਂ ਦਾ ਜੁੜਾਅ ਸਮੇਂ ਦੇ ਨਾਲ ਇਸ ਦੇ ਧਾਰਮਿਕ ਵਿਰਸੇ ਨੂੰ ਫੋਟੋਗ੍ਰਾਫੀ ਤੇ ਦ੍ਰਿਸ਼ ਕਹਾਣੀਕਾਰੀ ਰਾਹੀਂ ਸੰਭਾਲਣ ਦੇ ਸਮਰਪਿਤ ਉਪਰਾਲੇ ਵਿੱਚ ਬਦਲ ਗਿਆ। ਇਸ ਪੁਸਤਕ ਵਿੱਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮਨਮੋਹਕ ਤੇ ਸ਼ਾਨਦਾਰ ਦ੍ਰਿਸ਼ਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ, ਜਿਸ ਵਿੱਚ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਇਮਾਰਤੀ ਕਲਾ, ਧਾਰਮਿਕ ਪਰੰਪਰਾਵਾਂ ਤੇ ਅਧਿਆਤਮਿਕ ਸ਼ਾਂਤੀ ਨੂੰ ਉਜਾਗਰ ਕੀਤਾ ਗਿਆ ਹੈ। ਉਹ ਪੁਰਾਤਨ ਬੇਰੀ ਸਾਹਿਬ, ਜਿਸ ਦੇ ਹੇਠਾਂ ਗੁਰੂ ਸਾਹਿਬ ਵੱਲੋਂ ਤਪੱਸਿਆ ਤੇ ਸਿਮਰਨ ਕਰਨ ਦੀ ਮਾਨਤਾ ਹੈ, ਅੱਜ ਵੀ ਇਸ ਦਿਵਿਆ ਸਾਂਝ ਦਾ ਸਦੀਵੀ ਪ੍ਰਤੀਕ ਬਣੀ ਹੋਈ ਹੈ। ਇਹ ਪੁਸਤਕ ਇਸ ਇਤਿਹਾਸਕ ਗੁਰਧਾਮ ਦੀ ਅਧਿਆਤਮਿਕ ਮਹੱਤਤਾ ਨੂੰ ਸੰਗਤਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਧਾਰਮਿਕ ਵਿਰਸੇ ਨਾਲ ਜੋੜਨ ਦਾ ਵੀ ਉਪਰਾਲਾ ਹੈ । ਇਸ ਪਾਵਨ ਮੌਕੇ ਪੁਸਤਕ ਨੂੰ ਪ੍ਰਸ਼ਾਦ ਵਜੋਂ ਵੰਡਣ ਦਾ ਉਦੇਸ਼ ਗੈਰ-ਵਪਾਰਕ ਪ੍ਰਕਾਸ਼ਨਾਂ ਰਾਹੀਂ ਪੰਜਾਬ ਦੇ ਅਧਿਆਤਮਿਕ ਵਿਰਸੇ, ਇਤਿਹਾਸਕ ਸਮਾਰਕਾਂ, ਕੁਦਰਤੀ ਸੁੰਦਰਤਾ ਤੇ ਸੱਭਿਆਚਾਰਕ ਪਛਾਣ ਨੂੰ ਉਤਸ਼ਾਹਿਤ ਕਰਨਾ ਤੇ ਇਨ੍ਹਾਂ ਦੀ ਸੰਭਾਲ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ।