ਕਰਵਾ ਚੌਥ ਮੌਕੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ ਕਰਵਾ ਚੌਥ ਮੌਕੇ ਸ਼ਹਿਰਾਂ ਦੇ ਬਾਜ਼ਾਰਾਂ ਦੇ ਨਾਲ-ਨਾਲ ਪਿੰਡਾਂ ਦੀਆਂ ਦੁਕਾਨਾਂ ’ਤੇ ਵੀ ਲੱਗੀ ਰੌਣਕ
Publish Date: Tue, 27 Oct 2026 06:41 PM (IST)
Updated Date: Tue, 27 Oct 2026 06:43 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਫਗਵਾੜਾ ਸ਼ਹਿਰ ਦੇ ਬਾਜ਼ਾਰਾਂ ਦੇ ਨਾਲ-ਨਾਲ ਫਗਵਾੜਾ ਦੇ ਪਿੰਡਾਂ ਦੀਆਂ ਦੁਕਾਨਾਂ ਵਿੱਚ ਵੀ ਖ਼ੂਬ ਰੌਣਕ ਦੇਖਣ ਨੂੰ ਮਿਲ ਰਹੀ ਹੈ। ਤਿਉਹਾਰ ਦੀਆਂ ਤਿਆਰੀਆਂ ਨੂੰ ਲੈ ਕੇ ਔਰਤਾਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਔਰਤਾਂ ਵੱਲੋਂ ਆਪਣੀ ਪਸੰਦ ਦੇ ਕੱਪੜੇ, ਚੂੜੀਆਂ, ਮਹਿੰਦੀ, ਸ਼ਿੰਗਾਰ ਦਾ ਸਾਮਾਨ ਤੇ ਕਰਵਾ ਚੌਥ ਦੀ ਪੂਜਾ ਨਾਲ ਸਬੰਧਤ ਵਸਤਾਂ ਦੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ। ਸ਼ਹਿਰਾਂ ਦੇ ਮੁੱਖ ਬਾਜ਼ਾਰਾਂ ਤੋਂ ਲੈ ਕੇ ਪਿੰਡਾਂ ਦੀਆਂ ਛੋਟੀਆਂ ਦੁਕਾਨਾਂ ਤੱਕ ਤਿਉਹਾਰ ਦਾ ਰੰਗ ਦੇਖਣ ਨੂੰ ਮਿਲ ਰਿਹਾ ਹੈ। ਦੁਕਾਨਦਾਰਾਂ ਵੱਲੋਂ ਵੀ ਗਾਹਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਤਰ੍ਹਾਂ ਦਾ ਸਾਮਾਨ ਸਜਾਇਆ ਗਿਆ ਹੈ। ਖ਼ਾਸ ਕਰਕੇ ਚੂੜੀਆਂ, ਮਹਿੰਦੀ, ਸੂਟਾਂ ਤੇ ਸੁਹਾਗ ਨਾਲ ਸਬੰਧਤ ਸਾਮਾਨ ਦੀ ਖ਼ਰੀਦਦਾਰੀ ਵਿੱਚ ਔਰਤਾਂ ਦਿਲਚਸਪੀ ਦਿਖਾ ਰਹੀਆਂ ਹਨ। ਕਰਵਾ ਚੌਥ ਦਾ ਤਿਉਹਾਰ ਵਿਆਹੁਤਾ ਔਰਤਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਤੇ ਸੁਖੀ ਜੀਵਨ ਦੀ ਕਾਮਨਾ ਕਰਦਿਆਂ ਵਰਤ ਰੱਖਦੀਆਂ ਹਨ ਤੇ ਸ਼ਾਮ ਨੂੰ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਪੂਜਾ ਕਰਦੀਆਂ ਹਨ। ਇਸ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਦਿਖਾਈ ਦੇ ਰਹੀ ਚਹਿਲ-ਪਹਿਲ ਨਾਲ ਤਿਉਹਾਰੀ ਮਾਹੌਲ ਬਣਿਆ ਹੋਇਆ ਹੈ। ਪਿੰਡਾਂ ਵਿੱਚ ਵੀ ਸ਼ਹਿਰਾਂ ਵਾਂਗ ਤਿਉਹਾਰ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਸਥਾਨਕ ਦੁਕਾਨਾਂ ਤੋਂ ਖ਼ਰੀਦਦਾਰੀ ਹੋਣ ਕਾਰਨ ਪਿੰਡਾਂ ਦੇ ਬਾਜ਼ਾਰਾਂ ਵਿੱਚ ਵੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਕੁੱਲ ਮਿਲਾ ਕੇ ਕਰਵਾ ਚੌਥ ਦੇ ਤਿਉਹਾਰ ਨੇ ਸ਼ਹਿਰਾਂ ਤੇ ਪਿੰਡਾਂ ਦੇ ਬਾਜ਼ਾਰਾਂ ਵਿੱਚ ਖ਼ੁਸ਼ੀ ਤੇ ਉਤਸ਼ਾਹ ਦਾ ਮਾਹੌਲ ਸਿਰਜ ਦਿੱਤਾ ਹੈ। ਬੇਸ਼ੱਕ ਕਰਵਾ ਚੌਥ ਵੀਰਵਾਰ ਨੂੰ ਹੈ ਪਰ ਇਸ ਤਿਉਹਾਰ ਨੂੰ ਲੈ ਕੇ ਪਿੰਡਾਂ ਦੀਆਂ ਔਰਤਾਂ ਦੇ ਚਿਹਰਿਆਂ ’ਤੇ ਇੱਕ ਵੱਖਰੀ ਖੁਸ਼ੀ ਤੇ ਚਾਅ ਝਲਕ ਰਿਹਾ ਹੈ।