ਦੁਸਹਿਰੇ ’ਤੇ ਸਮਾਜਿਕ ਬੁਰਾਈਆਂ ਨੂੰ ਸਾੜਨ ਦਾ ਪ੍ਰਣ ਲੈਣਾ ਚਾਹੀਦਾ : ਚਾਹਲ ਵਿਜੇਦਸ਼ਮੀ ਦੇ ਦਿਨ ਸਾਰਿਆਂ ਨੂੰ ਸਮਾਜਿਕ ਬੁਰਾਈਆਂ ਨੂੰ ਸਾੜਨ ਦਾ ਪ੍ਰਣ ਲੈਣਾ ਚਾਹੀਦਾ ਹੈ : ਮਲਵਿੰਦਰ ਸਿੰਘ ਚਾਹਲ
Publish Date: Mon, 19 Oct 2026 08:36 PM (IST)
Updated Date: Mon, 19 Oct 2026 08:39 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦੁਸਹਿਰੇ ’ਤੇ ਅੱਤਵਾਦ ਦੇ ਰਾਵਣ ਨੂੰ ਸਾੜਨ ਦਾ ਪ੍ਰਣ ਲੈਣਾ ਇੱਕ ਸ਼ਕਤੀਸ਼ਾਲੀ ਪ੍ਰਤੀਕਾਤਮਕ ਕਾਰਜ ਹੈ, ਜੋ ਬੁਰਾਈ ਤੇ ਚੰਗਿਆਈ ਤੇ ਝੂਠ ’ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ। ਇਹ ਪ੍ਰਣ ਸਮਾਜ ਦੇ ਅੰਦਰ ਤੇ ਬਾਹਰ ਭ੍ਰਿਸ਼ਟਾਚਾਰ, ਹਿੰਸਾ, ਹੰਕਾਰ ਤੇ ਹੋਰ ਸਮਾਜਿਕ ਬੁਰਾਈਆਂ ਦੇ ਅੰਤ ਨੂੰ ਪ੍ਰੇਰਿਤ ਕਰਦਾ ਹੈ। ਰਾਵਣ ਦੇ ਦਸ ਸਿਰ ਇਨ੍ਹਾਂ ਬੁਰਾਈਆਂ ਦੇ ਪ੍ਰਤੀਕ ਹਨ ਤੇ ਉਨ੍ਹਾਂ ਨੂੰ ਖਤਮ ਕਰਕੇ ਹੀ ਅਸੀਂ ਆਪਣੇ ਜੀਵਨ ਤੇ ਸਮਾਜ ਦੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਾਂ ਤੇ ਇੱਕ ਸੱਚਾ ਰਾਮਰਾਜ ਸਥਾਪਤ ਕਰ ਸਕਦੇ ਹਾਂ। ਇਹ ਗੱਲ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਮਾਜ ਸੇਵਕ ਮਲਵਿੰਦਰ ਸਿੰਘ ਚਾਹਲ (ਮੰਮੂ ਚਾਹਲ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਮੰਮੂ ਚਾਹਲ ਨੇ ਕਿਹਾ ਕਿ ਰਾਵਣ ਨੂੰ ਬੁਰਾਈ, ਹੰਕਾਰ, ਜੁਲਮ ਤੇ ਅਧਰਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਦੋਂ ਅਸੀਂ ਅੱਤਵਾਦ ਰੂਪੀ ਰਾਵਣ ਨੂੰ ਸਾੜਨ ਦਾ ਪ੍ਰਣ ਲੈਂਦੇ ਹਾਂ, ਤਾਂ ਇਹ ਅੱਤਵਾਦ ਤੇ ਇਸ ਕਾਰਨ ਹੋਣ ਵਾਲੇ ਮਾਸੂਮਾਂ ਦੇ ਕਤਲੇਆਮ ਵਰਗੀਆਂ ਬੁਰਾਈਆਂ ਦੇ ਅੰਤ ਦਾ ਸੰਕੇਤ ਦਿੰਦਾ ਹੈ। ਮੰਮੂ ਚਾਹਲ ਨੇ ਕਿਹਾ ਕਿ ਇਹ ਸਿਰਫ਼ ਇੱਕ ਬਾਹਰੀ ਦੁਸ਼ਮਣ ਨਹੀਂ ਹੈ, ਸਗੋਂ ਸਮਾਜ ਵਿੱਚ ਪ੍ਰਚਲਿਤ ਅੰਦਰੂਨੀ ਬੁਰਾਈਆਂ, ਜਿਵੇਂ ਕਿ ਭ੍ਰਿਸ਼ਟਾਚਾਰ, ਜਾਤੀਵਾਦ, ਔਰਤਾਂ ਦੀ ਸੁਰੱਖਿਆ ਦੀ ਘਾਟ ਤੇ ਹੰਕਾਰ ਦਾ ਵੀ ਪ੍ਰਤੀਕ ਹੈ। ਇਹ ਉਨ੍ਹਾਂ ਬੁਰਾਈਆਂ ਦਾ ਵੀ ਪ੍ਰਤੀਕ ਹੈ, ਜਿਨ੍ਹਾਂ ਨੂੰ ਸਾਨੂੰ ਸਮੂਹਿਕ ਤੌਰ ’ਤੇ ਖਤਮ ਕਰਨਾ ਚਾਹੀਦਾ ਹੈ। ਉਨ੍ਹਾਂ ਹਲਕੇ ਦੇ ਵਸਨੀਕਾਂ ਨੂੰ ਵਿਜੇਦਸ਼ਮੀ ਦੇ ਮੌਕੇ ’ਤੇ ਹੰਕਾਰ, ਬੇਇਨਸਾਫ਼ੀ, ਵਿਤਕਰੇ ਤੇ ਨਕਾਰਾਤਮਕਤਾ ਦੇ ਰੂਪ ਰਾਵਣ ਨੂੰ ਸਾੜਨ ਤੇ ਨਸ਼ਾਖੋਰੀ, ਪਰਿਵਾਰਕ ਝਗੜੇ, ਜਾਤੀ ਵਿਤਕਰੇ ਤੇ ਦਾਜ ਪ੍ਰਥਾ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਆਪਣੇ ਆਪ ਨੂੰ ਮੁਕਤ ਕਰਨ ਦਾ ਪ੍ਰਣ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੇਇਨਸਾਫ਼ ਅਤੇ ਅਧਰਮੀ ਕਿੰਨੇ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਣ,ਅੰਤ ਵਿੱਚ ਜਿੱਤ ਹਮੇਸ਼ਾ ਸੱਚਾਈ ਅਤੇ ਧਰਮ ਦੀ ਹੁੰਦੀ ਹੈ।