ਆਰਸੀਐੱਫ ’ਚ ਰਾਜਭਾਸ਼ਾ ਪੁਰਸਕਾਰ ਵੰਡ ਸਮਾਰੋਹ ਕਰਵਾਇਆ ਆਰਸੀਐਫ ’ਚ ਰਾਜਭਾਸ਼ਾ ਪੁਰਸਕਾਰ ਵੰਡ ਸਮਾਰੋਹ ਕਰਵਾਇਆ
Publish Date: Tue, 29 Sep 2026 07:30 PM (IST)
Updated Date: Tue, 29 Sep 2026 07:33 PM (IST)
ਹਿੰਦੀ ਮੁਕਾਬਲਿਆਂ ਦੇ ਜੇਤੂ ਕਰਮਚਾਰੀਆਂ ਨੂੰ ਮਹਾਪ੍ਰਬੰਧਕ ਅਜੈ ਨੰਦਨ ਨੇ ਪੁਰਸਕਾਰ ਦੇ ਕੇ ਕੀਤਾ ਸਨਮਾਨਿਤ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਵਿਖੇ ਹਿੰਦੀ ਪੰਦਰਵਾੜੇ ਦੇ ਤਹਿਤ ਕਰਵਾਏ ਗਏ ਵੱਖ-ਵੱਖ ਹਿੰਦੀ ਮੁਕਾਬਲਿਆਂ ਦੇ ਜੇਤੂ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਰਾਜਭਾਸ਼ਾ ਪੁਰਸਕਾਰ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਆਰਸੀਐੱਫ ਦੇ ਮਹਾਪ੍ਰਬੰਧਕ ਅਜੈ ਨੰਦਨ ਨੇ ਜੇਤੂ ਕਰਮਚਾਰੀਆਂ ਨੂੰ ਪੁਰਸਕਾਰ ਪ੍ਰਦਾਨ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ। ਸਮਾਰੋਹ ਦੌਰਾਨ ਮਹਾਪ੍ਰਬੰਧਕ ਅਜੈ ਨੰਦਨ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਿੰਦੀ ਦਫ਼ਤਰੀ ਕੰਮਕਾਜ ਦਾ ਇੱਕ ਮਹੱਤਵਪੂਰਨ ਮਾਧਿਅਮ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਨਿਸ਼ਠਾ ਤੇ ਸਮਰਪਣ ਭਾਵਨਾ ਨਾਲ ਹਿੰਦੀ ਵਿੱਚ ਕੰਮ ਕਰਨ ਤੇ ਦਫ਼ਤਰੀ ਕੰਮਕਾਜ ਵਿੱਚ ਰਾਜਭਾਸ਼ਾ ਦੀ ਵੱਧ ਤੋਂ ਵੱਧ ਵਰਤੋਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਮੁੱਖ ਰਾਜਭਾਸ਼ਾ ਅਧਿਕਾਰੀ ਅਮਿਤ ਸੌਰਾਸ਼ਟਰੀ, ਰਾਜਭਾਸ਼ਾ ਅਧਿਕਾਰੀ ਰਜਤ ਸਮੇਤ ਵੱਖ-ਵੱਖ ਉੱਚ ਅਧਿਕਾਰੀ ਤੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਹਿੰਦੀ ਪੰਦਰਵਾੜੇ ਦੌਰਾਨ ਕਰਵਾਏ ਗਏ ਹਿੰਦੀ ਨਿਬੰਧ ਮੁਕਾਬਲੇ ਵਿੱਚ ਧਨਵਿੰਦਰ ਕੌਰ ਨੇ ਪਹਿਲਾ, ਬਲਜਿੰਦਰ ਸਿੰਘ ਨੇ ਦੂਜਾ ਤੇ ਪੰਕਜ ਕੁਮਾਰ ਬੈਰਵਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਮੁਕਾਬਲੇ ਵਿੱਚ ਯਤੀਸ਼ ਕੁਮਾਰ ਤ੍ਰਿਪਾਠੀ, ਕਲਿਆਣਮਲ ਮੀਣਾ ਤੇ ਦੀਪਸ਼ੀ ਡੋਗਰਾ ਨੂੰ ਪ੍ਰੇਰਣਾ ਪੁਰਸਕਾਰ ਪ੍ਰਦਾਨ ਕੀਤੇ ਗਏ। ਹਿੰਦੀ ਟਿੱਪਣੀ ਤੇ ਪ੍ਰਾਰੂਪ ਲੇਖਨ ਮੁਕਾਬਲੇ ਵਿੱਚ ਸੰਤੋਸ਼ ਕੁਮਾਰ ਨਿਰਾਲਾ ਨੇ ਪਹਿਲਾ, ਪ੍ਰਵੀਣ ਕੁਮਾਰ ਨੇ ਦੂਜਾ ਤੇ ਜਿਤੇਂਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਸਿੱਧਾਰਥ ਕੁਮਾਰ ਮੌਰਿਆ, ਅਸ਼ਵਨੀ ਕੁਮਾਰ ਤੇ ਯਤੀਸ਼ ਕੁਮਾਰ ਤ੍ਰਿਪਾਠੀ ਨੂੰ ਪ੍ਰੇਰਣਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਹਿੰਦੀ ਭਾਸ਼ਣ ਮੁਕਾਬਲੇ ਵਿੱਚ ਧਨਵਿੰਦਰ ਕੌਰ ਨੇ ਪਹਿਲਾ, ਸੋਬਤੀ ਨੇ ਦੂਜਾ ਤੇ ਗਿਰਰਾਜ ਜਾਂਗੜ ਨੇ ਤੀਜਾ ਸਥਾਨ ਹਾਸਲ ਕੀਤਾ। ਇਮਤਿਆਜ਼ ਅਹਿਮਦ, ਅਸ਼ਵਨੀ ਕੁਮਾਰ ਤੇ ਰਾਜਿੰਦਰ ਸਿੰਘ ਨੂੰ ਪ੍ਰੇਰਣਾ ਪੁਰਸਕਾਰ ਪ੍ਰਦਾਨ ਕੀਤੇ ਗਏ। ਮੁਕਾਬਲਿਆਂ ਦੇ ਜੱਜ ਵੀ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਵੱਖ-ਵੱਖ ਹਿੰਦੀ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਡਾ. ਸੁਸ਼ੀਲ ਕੁਮਾਰ ਯਾਦਵ, ਰਾਜੇਸ਼ ਕੁਮਾਰ ਸ਼ਰਮਾ, ਸੀਮਾ ਚੱਢਾ ਤੇ ਰਾਮੇਸ਼ਵਰ ਸਿੰਘ ਨੂੰ ਉਨ੍ਹਾਂ ਦੇ ਯੋਗਦਾਨ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਰਾਜਭਾਸ਼ਾ ਅਧਿਕਾਰੀ ਅਮਿਤ ਸੌਰਾਸ਼ਟਰੀ ਨੇ ਰੇਲ ਕੋਚ ਫੈਕਟਰੀ ਵਿੱਚ ਰਾਜਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਰਾਜਭਾਸ਼ਾ ਅਧਿਕਾਰੀ ਰਜਤ ਨੇ ਹਿੰਦੀ ਪੰਦਰਵਾੜੇ ਦੌਰਾਨ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਤੇ ਹਿੰਦੀ ਸਬੰਧੀ ਰਿਪੋਰਟ ਪੇਸ਼ ਕੀਤੀ ਤੇ ਸਮਾਰੋਹ ਵਿੱਚ ਪਹੁੰਚੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।