ਬੀਪੀ ਮੰਡਲ ਦੀ ਜਯੰਤੀ ਉਤਸ਼ਾਹ ਨਾਲ ਮਨਾਈ ਓਬੀਸੀ ਰੇਲਵੇ ਕਰਮਚਾਰੀ ਸੰਗਠਨ ਨੇ ਬੀਪੀ ਮੰਡਲ ਦੀ ਜਨਮ ਜਯੰਤੀ ਉਤਸ਼ਾਹ ਨਾਲ ਮਨਾਈ
Publish Date: Thu, 27 Aug 2026 10:03 PM (IST)
Updated Date: Thu, 27 Aug 2026 10:07 PM (IST)
ਸੱਜਣ ਸਿੰਘ ਚੀਮਾ ਨੇ ਸੇਵਾਮੁਕਤ ਹੋ ਰਹੇ ਓਬੀਸੀ ਰੇਲਵੇ ਕਰਮਚਾਰੀਆਂ ਨੂੰ ਕੀਤਾ ਸਨਮਾਨਤ ਸਰਟੀਫਿਕੇਟ ਬਣਾਉਣ ’ਚ ਆ ਰਹੀਆਂ ਮੁਸ਼ਕਲਾਂ ਦਾ ਮਾਮਲਾ ਡੀਸੀ ਕੋਲ ਚੁੱਕਿਆ ਪਰਮਜੀਤ ਸਿੰਘ/ਸੁੱਖੀ ਟਿੱਬਾ, ਪੰਜਾਬੀ ਜਾਗਰਣ ਆਰਸੀਐੱਫ/ਡਡਵਿੰਡੀ : ਓਬੀਸੀ ਰੇਲਵੇ ਕਰਮਚਾਰੀ ਸੰਗਠਨ ਕਪੂਰਥਲਾ ਵੱਲੋਂ ਬਿੰਦੇਸ਼ਵਰੀ ਪ੍ਰਸਾਦ (ਬੀਪੀ) ਮੰਡਲ ਦੀ ਜਯੰਤੀ ਸੰਗਠਨ ਦੇ ਦਫ਼ਤਰ (ਪ੍ਰਾਇਮਰੀ ਸਕੂਲ) ਵਿਖੇ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਬੀਪੀ ਮੰਡਲ ਦੇ ਬੁੱਤ ’ਤੇ ਹਾਰ ਪਹਿਨਾ ਕੇ ਤੇ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ। ਇਸ ਮੌਕੇ ਵਿਚਾਰ-ਚਰਚਾ ਦੌਰਾਨ ਸੰਗਠਨ ਦੇ ਵਿੱਤ ਸਕੱਤਰ ਅਜੀਤ ਕੁਮਾਰ ਨੇ ਕਿਹਾ ਕਿ ਮੰਡਲ ਕਮਿਸ਼ਨ ਦੇ ਗਠਨ ਨੂੰ 47 ਸਾਲ ਬੀਤ ਜਾਣ ਦੇ ਬਾਵਜੂਦ ਇਸ ਦੀਆਂ ਸਿਫ਼ਾਰਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਬੀਪੀ ਮੰਡਲ ਦੇ ਯੋਗਦਾਨ ਨੂੰ ਯਾਦ ਕਰਦਿਆਂ ਮੰਡਲ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸੰਗਠਨ ਦੇ ਸਕੱਤਰ ਅਸ਼ੋਕ ਕੁਮਾਰ ਨੇ ਕਿਹਾ ਕਿ ਓਬੀਸੀ ਵਰਗ ਨੂੰ ਬਣਦਾ ਹੱਕ ਤੇ ਪ੍ਰਤੀਨਿਧਤਾ ਦੇਣ ਲਈ ਮੰਡਲ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਰਕਾਰੀ ਸੇਵਾਵਾਂ ਵਿੱਚ ਤਰੱਕੀ ਦੌਰਾਨ ਓਬੀਸੀ ਵਰਗ ਲਈ ਰਾਖਵਾਂਕਰਨ ਲਾਗੂ ਕਰਨ ਅਤੇ ਨਿੱਜੀ ਖੇਤਰ ਵਿੱਚ ਵੀ ਇਸ ਵਰਗ ਦੀ ਉਚਿਤ ਪ੍ਰਤੀਨਿਧਤਾ ਯਕੀਨੀ ਬਣਾਉਣ ਦੀ ਮੰਗ ਕੀਤੀ। ਸੰਗਠਨ ਦੇ ਆਗੂਆਂ ਨੇ ਕਿਹਾ ਕਿ ਰਾਖਵਾਂਕਰਨ ਕਿਸੇ ’ਤੇ ਦਇਆ ਨਹੀਂ, ਸਗੋਂ ਸਮਾਜਿਕ ਤੇ ਵਿਦਿਅਕ ਤੌਰ ’ਤੇ ਪਿੱਛੜੇ ਵਰਗਾਂ ਨੂੰ ਸੰਵਿਧਾਨਕ ਅਧਿਕਾਰਾਂ ਤੇ ਬਰਾਬਰ ਮੌਕਿਆਂ ਨਾਲ ਜੋੜਨ ਦਾ ਇੱਕ ਮਹੱਤਵਪੂਰਨ ਸਾਧਨ ਹੈ। ਇਸ ਸਮਾਗਮ ਵਿੱਚ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਤੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਅਗਸਤ ਮਹੀਨੇ ਵਿੱਚ ਰੇਲਵੇ ਸੇਵਾ ਤੋਂ ਸੇਵਾਮੁਕਤ ਹੋ ਰਹੇ ਸੁਖਪਾਲ ਸਿੰਘ, ਕਪਤਾਨ ਸਿੰਘ, ਅਨਾਰ ਸਿੰਘ, ਸੁਰਿੰਦਰ ਸਿੰਘ ਤੇ ਮੋਹਿੰਦਰ ਪਾਲ ਸਮੇਤ ਓਬੀਸੀ ਮੈਂਬਰਾਂ ਨੂੰ ਸਨਮਾਨਤ ਕੀਤਾ। ਇਸ ਦੌਰਾਨ ਸੰਗਠਨ ਦੇ ਮੈਂਬਰਾਂ ਨੇ ਸਥਾਨਕ ਪੱਧਰ ’ਤੇ ਓਬੀਸੀ ਸਰਟੀਫਿਕੇਟ ਬਣਾਉਣ ਵਿੱਚ ਹੋ ਰਹੀ ਦੇਰੀ ਤੇ ਆਰਸੀਐੱਫ ਵਿੱਚ ਸਰਪੰਚ ਨਾ ਹੋਣ ਕਾਰਨ ਸਰਟੀਫਿਕੇਟ ਬਣਾਉਣ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਸੱਜਣ ਸਿੰਘ ਚੀਮਾ ਨੂੰ ਜਾਣੂ ਕਰਵਾਇਆ। ਚੀਮਾ ਨੇ ਮੌਕੇ ’ਤੇ ਹੀ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਤੇ ਸੰਗਠਨ ਦੇ ਨੁਮਾਇੰਦਿਆਂ ਨਾਲ ਜਲਦ ਮੀਟਿੰਗ ਕਰਕੇ ਸਮੱਸਿਆ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਧਾਨ ਅਰਵਿੰਦ ਪ੍ਰਸਾਦ, ਸਕੱਤਰ ਅਸ਼ੋਕ ਕੁਮਾਰ, ਅਭਿਨਵ, ਭੂਪਿੰਦਰ, ਸੰਜੀਵ, ਸੰਜੀਵ ਯਾਦਵ, ਰਾਜਿੰਦਰ, ਦਿਨੇਸ਼, ਸ਼ਰਨਜੀਤ, ਰਾਜਕੁਮਾਰ ਪ੍ਰਜਾਪਤੀ, ਪਵਨ ਕੁਮਾਰ, ਦਿਨੇਸ਼ ਕੁਮਾਰ, ਸੁਮਨ ਕੁਮਾਰ, ਸੰਜੇ ਕੁਮਾਰ, ਸੋਨੂ ਕੁਮਾਰ, ਦੁਰਗੇਸ਼, ਆਨੰਦ ਰਾਜ ਸਮੇਤ ਵੱਡੀ ਗਿਣਤੀ ਵਿੱਚ ਰੇਲਵੇ ਕਰਮਚਾਰੀ ਹਾਜ਼ਰ ਸਨ।