ਨੰਬਰਦਾਰਾਂ ਵੱਲੋਂ ਮੰਗਾਂ ਲਈ ਸਰਕਾਰ ਨੂੰ ਘੇਰਨ ਦੀ ਤਿਆਰੀ ਨੰਬਰਦਾਰਾਂ ਵੱਲੋਂ ਮੰਗਾਂ ਲਈ ਸਰਕਾਰ ਨੂੰ ਘੇਰਨ ਦੀ ਤਿਆਰੀ, ਹੱਕਾਂ ਦੀ ਆਵਾਜ਼ ਬੁਲੰਦ ਕਰਨ ਦਾ ਲਿਆ ਅਹਿਦ
Publish Date: Tue, 08 Sep 2026 09:45 PM (IST)
Updated Date: Tue, 08 Sep 2026 09:46 PM (IST)
, ਹੱਕਾਂ ਦੀ ਆਵਾਜ਼ ਬੁਲੰਦ ਕਰਨ ਦਾ ਲਿਆ ਅਹਿਦ ਰਾਜ ਪੁਰਸਕਾਰ ਜੇਤੂ ਅਧਿਆਪਕ ਸੰਤੋਖ ਮੱਲੀ ਦੀ ਪ੍ਰਾਪਤੀ ’ਤੇ ਮਾਣ : ਭੁੱਲਰ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨੰਬਰਦਾਰਾਂ ਨੂੰ ਦਰਪੇਸ਼ ਸਮੱਸਿਆਵਾਂ, ਲੰਮੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਤੇ ਉਨ੍ਹਾਂ ਦੇ ਸਨਮਾਨ ਤੇ ਅਧਿਕਾਰਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅੱਜ ਹੋਈ ਨੰਬਰਦਾਰ ਯੂਨੀਅਨ 643 ਸਮਰਾ ਗਰੁੱਪ ਦੀ ਅਹਿਮ ਮੀਟਿੰਗ ਵਿੱਚ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਨੰਬਰਦਾਰਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪੂਰੀ ਮਜ਼ਬੂਤੀ ਨਾਲ ਪਹੁੰਚਾਉਣ ਤੇ ਉਨ੍ਹਾਂ ਦੇ ਹੱਕਾਂ ਲਈ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ’ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਵਿੱਚ ਨੰਬਰਦਾਰਾਂ ਦੀਆਂ ਮੌਜੂਦਾ ਮੁਸ਼ਕਲਾਂ, ਸਰਕਾਰੀ ਪੱਧਰ ’ਤੇ ਉਨ੍ਹਾਂ ਨਾਲ ਸਬੰਧਤ ਮਾਮਲਿਆਂ ਤੇ ਲੰਮੇ ਸਮੇਂ ਤੋਂ ਵਿਚਾਰ ਅਧੀਨ ਮੰਗਾਂ ਬਾਰੇ ਗੰਭੀਰ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਨੰਬਰਦਾਰ ਪਿੰਡ ਪੱਧਰ ’ਤੇ ਸਰਕਾਰੀ ਪ੍ਰਬੰਧ ਦਾ ਅਹਿਮ ਹਿੱਸਾ ਹਨ ਅਤੇ ਪੀੜ੍ਹੀਆਂ ਤੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਇਸ ਲਈ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰਨਾ ਕਿਸੇ ਵੀ ਪੱਖੋਂ ਉਚਿਤ ਨਹੀਂ। ਇਸ ਮੌਕੇ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਾਹਿਬ ਸਿੰਘ ਭੁੱਲਰ ਤੇ ਜ਼ਿਲ੍ਹਾ ਵਾਈਸ ਪ੍ਰਧਾਨ ਮੰਗਲ ਸਿੰਘ ਭੱਟੀ, ਕੁਲਦੀਪ ਸਿੰਘ ਸਾਂਗਰਾ ਜਰਨਲ ਸਕੱਤਰ ਸੁਲਤਾਨਪੁਰ ਲੋਧੀ, ਅਮਰਜੀਤ ਸਿੰਘ ਗਰੇਵਾਲ ਫੌਜੀ ਕਲੋਨੀ ਕੈਸ਼ੀਅਰ, ਸੁਖਦੇਵ ਸਿੰਘ ਨੰਬਰਦਾਰ ਕਬੀਰਪੁਰ ਮੁੱਖ ਪ੍ਰੈਸ ਸਕੱਤਰ ਸੁਲਤਾਨਪੁਰ ਲੋਧੀ ਅਤੇ ਹੋਰ ਸ਼ਖ਼ਸ਼ੀਅਤਾਂ ਨੇ ਕਿਹਾ ਕਿ ਨੰਬਰਦਾਰਾਂ ਦੀਆਂ ਮੰਗਾਂ ਸਿਰਫ਼ ਕਿਸੇ ਇੱਕ ਵਿਅਕਤੀ ਦੀਆਂ ਨਹੀਂ, ਸਗੋਂ ਸਮੁੱਚੀ ਨੰਬਰਦਾਰ ਭਾਈਚਾਰੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਮੰਗਾਂ ਦੇ ਹੱਲ ਲਈ ਨੰਬਰਦਾਰਾਂ ਨੂੰ ਇਕਜੁੱਟ ਰਹਿ ਕੇ ਆਪਣੀ ਆਵਾਜ਼ ਸਰਕਾਰ ਤੇ ਸਬੰਧਤ ਵਿਭਾਗਾਂ ਤੱਕ ਪਹੁੰਚਾਉਣੀ ਚਾਹੀਦੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸਾਂਝੇ ਯਤਨਾਂ ਤੇ ਏਕਤਾ ਨਾਲ ਨੰਬਰਦਾਰਾਂ ਦੇ ਮਸਲਿਆਂ ਦਾ ਢੁਕਵਾਂ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਮੀਟਿੰਗ ਦੌਰਾਨ ਅਧਿਆਪਕ ਸੰਤੋਖ ਮੱਲੀ ਨੂੰ ਰਾਜ ਪੁਰਸਕਾਰ ਮਿਲਣ ’ਤੇ ਖੁਸ਼ੀ ਤੇ ਮਾਣ ਦਾ ਪ੍ਰਗਟਾਵਾ ਕਰਦਿਆਂ ਆਗੂਆਂ ਨੇ ਕਿਹਾ ਕਿ ਇਹ ਸਿਰਫ਼ ਅਧਿਆਪਕ ਸੰਤੋਖ ਮੱਲੀ ਦੀ ਨਿੱਜੀ ਉਪਲਬਧੀ ਨਹੀਂ, ਸਗੋਂ ਸਮੁੱਚੇ ਹਲਕੇ ਲਈ ਮਾਣ ਵਾਲੀ ਗੱਲ ਹੈ। ਆਗੂਆਂ ਨੇ ਕਿਹਾ ਕਿ ਜਿੱਥੇ ਨੰਬਰਦਾਰਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣਾ ਜ਼ਰੂਰੀ ਹੈ, ਉੱਥੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੀਆਂ ਅਜਿਹੀਆਂ ਸ਼ਖ਼ਸੀਅਤਾਂ ਦੀ ਹੌਸਲਾ-ਅਫ਼ਜ਼ਾਈ ਕਰਨਾ ਵੀ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਮੀਟਿੰਗ ਵਿੱਚ ਨੰਬਰਦਾਰਾਂ ਦੀ ਏਕਤਾ ਤੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਵੀ ਅਹਿਦ ਲਿਆ ਗਿਆ।