ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 5 ਨੂੰ ਸੰਗਰੂਰ ’ਚ ਗੂੰਜੇਗਾ ਰੋਸ ਨੰਬਰਦਾਰਾਂ ਨੇ ਸਰਕਾਰ ਨੂੰ ਦਿੱਤੀ ਲਲਕਾਰ—ਮੰਗਾਂ ਨਾ ਮੰਨੀਆਂ ਤਾਂ 5 ਸਤੰਬਰ ਨੂੰ ਸੰਗਰੂਰ ’ਚ ਗੂੰਜੇਗਾ ਰੋਸ
Publish Date: Sun, 30 Aug 2026 09:29 PM (IST)
Updated Date: Sun, 30 Aug 2026 09:31 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਨੰਬਰਦਾਰ ਯੂਨੀਅਨ 643 ਸਮਰਾ ਗਰੁੱਪ ਵੱਲੋਂ ਨੰਬਰਦਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਅੱਜ ਐਤਵਾਰ ਨੂੰ ਜ਼ਿਲ੍ਹਾ ਜਲੰਧਰ ਦੇ ਜੰਡਿਆਲਾ ਮੰਜਕੀ ਸਥਿਤ ਪ੍ਰੀਤ ਪੈਲੇਸ ਵਿਖੇ ਪੰਜਾਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਗੁਰਪਾਲ ਸਿੰਘ ਸਮਰਾ ਤੇ ਚੀਫ਼ ਪੈਟਰਨ ਦਰਸ਼ਨ ਸਿੰਘ ਗਲੌਲੀ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਪੰਜਾਬ ਯੂਨੀਅਨ ਦੇ ਜਨਰਲ ਸਕੱਤਰ ਰਸ਼ਪਾਲ ਸਿੰਘ ਕੁਲਾਰ ਸਮੇਤ ਵੱਡੀ ਗਿਣਤੀ ਵਿੱਚ ਨੰਬਰਦਾਰਾਂ ਨੇ ਸ਼ਮੂਲੀਅਤ ਕੀਤੀ। ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਮ ਸਿੰਘ ਮਾਨ ਤੇ ਪਲਵਿੰਦਰ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਲਤਾਨਪੁਰ ਲੋਧੀ ਤੋਂ ਤਹਿਸੀਲ ਪ੍ਰਧਾਨ ਸਾਹਿਬ ਸਿੰਘ ਭੁੱਲਰ, ਕਪੂਰਥਲਾ ਦੇ ਵਾਈਸ ਪ੍ਰਧਾਨ ਮੰਗਲ ਸਿੰਘ ਭੱਟੀ ਬੂੜੇਵਾਲ, ਸੁਲਤਾਨਪੁਰ ਲੋਧੀ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਸਾਂਗਰਾ ਤੇ ਮੁੱਖ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਕਬੀਰਪੁਰ ਦੀ ਅਗਵਾਈ ਹੇਠ ਨੰਬਰਦਾਰਾਂ ਦਾ ਵੱਡਾ ਕਾਫਲਾ ਜੰਡਿਆਲਾ ਮੰਜਕੀ ਪਹੁੰਚਿਆ। ਇਸ ਮੌਕੇ ਭਜਨ ਸਿੰਘ ਭਾਗੋ ਰਾਈਆਂ, ਸੋਹਣ ਸਿੰਘ ਭਾਗੋਆਂ, ਜੁਗਰਾਜ ਸਿੰਘ ਫਰੀਦ ਸਰਾਏ, ਮੁਖਤਿਆਰ ਸਿੰਘ ਬਾਊਪੁਰ, ਤਰਸੇਮ ਸਿੰਘ ਸਾਂਗਰਾ, ਗੁਰਵਿੰਦਰ ਸਿੰਘ ਮੁਬਾਰਕਪੁਰ, ਅਮਰੀਕ ਸਿੰਘ ਮੰਡ ਮੁਬਾਰਕਪੁਰ, ਵਿਰਸਾ ਸਿੰਘ ਬੰਦੂ ਜਦੀਦ, ਮੰਗਲ ਸਿੰਘ ਭੀਮ ਕਦੀਮ, ਰੇਸ਼ਮ ਸਿੰਘ ਬਿਧੀਪੁਰ, ਗੁਰਪ੍ਰੀਤ ਸਿੰਘ ਮੰਗੂਪੁਰ, ਅਮਰਜੀਤ ਸਿੰਘ ਗਰੇਵਾਲ ਨੰਬਰਦਾਰ ਫੌਜੀ ਕਲੋਨੀ, ਤੀਰਥ ਸਿੰਘ ਪਹਿਲਵਾਨ ਨਸੀਰੇਵਾਲ, ਗੁਰਮੀਤ ਸਿੰਘ ਅਹਿਮਦਪੁਰ, ਮਲਕੀਤ ਸਿੰਘ ਮਹਬਲੀਪੁਰ, ਜਸਵਿੰਦਰ ਸਿੰਘ ਕਬੀਰਪੁਰ, ਸੰਤੋਖ ਕੁਮਾਰ ਭਗ ਬੁੱਢਾ, ਗੁਰਨਾਮ ਸਿੰਘ ਭਾਗੋ ਬੁੱਢਾ, ਜੋਧ ਸਿੰਘ ਭਗ ਬੁੱਢਾ, ਸੁਖਜਿੰਦਰ ਸਿੰਘ ਕਬੀਰਪੁਰ, ਮਨਜੀਤ ਸਿੰਘ ਅਲਾਦਾਦ ਚੱਕ, ਕੁਲਦੀਪ ਸਿੰਘ ਸਰੂਪਵਾਲ, ਬਖਸ਼ੀਸ਼ ਸਿੰਘ ਬੂਸੋਵਾਲ, ਸੁਖਚੈਨ ਸਿੰਘ ਮੰਡ ਧੁੰਨ, ਕਰਨੈਲ ਸਿੰਘ ਸੂਜੋ ਕਾਲੀਆ, ਜਗਰੂਪ ਸਿੰਘ ਅਹਲੀ ਕਲਾਂ ਅਤੇ ਜੋਗਾ ਸਿੰਘ ਮੰਡ ਆਲੀ ਕਲਾਂ ਸਮੇਤ ਵੱਡੀ ਗਿਣਤੀ ਵਿੱਚ ਨੰਬਰਦਾਰ ਹਾਜ਼ਰ ਸਨ। ਮੀਟਿੰਗ ਦੌਰਾਨ ਨੰਬਰਦਾਰਾਂ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਅਹਿਮ ਫੈਸਲਾ ਲਿਆ ਗਿਆ। ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਕਿ 5 ਸਤੰਬਰ ਸ਼ਨੀਵਾਰ ਨੂੰ ਜ਼ਿਲ੍ਹਾ ਸੰਗਰੂਰ ਵਿਖੇ ਵਿਸ਼ਾਲ ਰੈਲੀ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਰੈਲੀ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਨੰਬਰਦਾਰਾਂ ਦੇ ਪਹੁੰਚਣ ਦੀ ਉਮੀਦ ਹੈ। ਨੰਬਰਦਾਰ ਆਗੂਆਂ ਨੇ ਸਰਕਾਰ ਅੱਗੇ ਤਿੰਨ ਮੁੱਖ ਮੰਗਾਂ ਰੱਖਦਿਆਂ ਕਿਹਾ ਕਿ ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਕੀਤਾ ਜਾਵੇ, ਨੰਬਰਦਾਰਾਂ ਦਾ ਮਾਣ-ਭੱਤਾ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਤੇ ਨੰਬਰਦਾਰਾਂ ਨੂੰ ਟੋਲ ਪਲਾਜ਼ਿਆਂ ’ਤੇ ਟੋਲ-ਫਰੀ ਸਹੂਲਤ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਇਹ ਮੰਗਾਂ ਨੰਬਰਦਾਰਾਂ ਦੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਹੱਕਾਂ ਨਾਲ ਸਬੰਧਤ ਹਨ ਤੇ ਸਰਕਾਰ ਨੂੰ ਇਨ੍ਹਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਇਸ ਮੌਕੇ ਪੰਜਾਬ ਨੰਬਰਦਾਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਨੰਬਰਦਾਰ ਪਿੰਡ ਪੱਧਰ ’ਤੇ ਸਰਕਾਰ ਤੇ ਲੋਕਾਂ ਵਿਚਕਾਰ ਇੱਕ ਅਹਿਮ ਕੜੀ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਲਟਕਾਉਣਾ ਨੰਬਰਦਾਰ ਵਰਗ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਤਹਿਸੀਲ ਪ੍ਰਧਾਨ ਸਾਹਿਬ ਸਿੰਘ ਭੁੱਲਰ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਇਕਾਈ ਨੰਬਰਦਾਰ ਯੂਨੀਅਨ ਦੇ ਸੂਬਾਈ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ 5 ਸਤੰਬਰ ਦੀ ਸੰਗਰੂਰ ਰੈਲੀ ਤੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਲਈ ਸੁਲਤਾਨਪੁਰ ਲੋਧੀ ਤੋਂ ਵੱਡੀ ਗਿਣਤੀ ਵਿੱਚ ਨੰਬਰਦਾਰ ਸ਼ਮੂਲੀਅਤ ਕਰਨਗੇ।