- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਡੀ ਗਿਣਤੀ "ਚ ਅਧਿਆਪਕ ਲਗਾਏ ਬੀ. ਐੱਲ. ਓ.

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੀ ਇਕਾਈ ਫਗਵਾੜਾ ਦੇ ਆਗੂਆਂ ਗੁਰਮੁਖ ਲੋਕਪ੍ਰੇਮੀ, ਹਰਜਿੰਦਰ ਨਿਆਣਾ, ਸਤਨਾਮ ਪਰਮਾਰ, ਮਲਕੀਤ ਸਿੰਘ, ਜਤਿੰਦਰ ਕੁਮਾਰ, ਅਕਵਿੰਦਰ ਕੌਰ, ਸੁਰਿੰਦਰ ਰਾਮ ਤੇ ਸੁਖਜਿੰਦਰ ਸਿੰਘ ਆਦਿ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਪਿਛਲੇ ਦਿਨੀਂ ਸਥਾਨਕ ਉੱਪ ਮੰਡਲ ਕਮ ਚੋਣ ਅਧਿਕਾਰੀ ਦਫ਼ਤਰ ਵੱਲੋਂ ਲਿਸਟਾਂ ਜਾਰੀ ਕਰਕੇ ਇੱਕ ਸੌ ਤੋਂ ਵੱਧ ਅਧਿਆਪਕਾਂ ਦੀ ਬੀਐੱਲਓ ਡਿਊਟੀ ਲਗਾ ਦਿੱਤੀ ਗਈ ਹੈ। ਇਨ੍ਹਾਂ ਅਧਿਆਪਕਾਂ ਨੂੰ ਦਫ਼ਤਰ ਵੱਲੋਂ ਵਾਰ-ਵਾਰ ਫੋਨ ਕਰਕੇ ਇਹ ਡਿਊਟੀ ਜੁਆਇਨ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਡੀਟੀਐੱਫ ਨੇ ਸਵਾਲ ਉਠਾਇਆ ਕਿ ਇੱਕੋ ਵਾਰ ਥੋਕ ਵਿੱਚ ਅਧਿਆਪਕਾਂ ਨੂੰ ਬੀਐੱਲਓ ਦੇ ਬਸਤੇ ਚੁਕਾ ਦੇਣਾ ਪ੍ਰਸ਼ਾਸਨ ਲਈ ਕਿੰਨਾ ਕੁ ਜਾਇਜ਼ ਹੈ? ਜਦਕਿ ਇਸ ਵਿੱਦਿਅਕ ਵਰ੍ਹੇ ਵਿੱਚ ਪਹਿਲਾਂ ਹੀ ਗ਼ੈਰ ਵਿੱਦਿਅਕ ਕੰਮਾਂ ਨੇ ਅਧਿਆਪਕਾਂ ਨੂੰ ਉਲਝਾਈ ਰੱਖਿਆ ਹੈ। ਆਗੂਆਂ ਨੇ ਕਿਹਾ ਕਿ ਬੇਸ਼ੱਕ ਚੋਣ ਕਮਿਸ਼ਨ ਦਾ ਕੰਮ ਜਰੂਰੀ ਹੈ, ਪਰ ਵਿਦਿਆਰਥੀਆਂ ਦੇ ਭਵਿੱਖ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਪਹਿਲਾਂ ਤੋਂ ਹੀ ਅਧਿਆਪਕਾਂ ਦੀ ਕਮੀ ਨਾਲ਼ ਜੂਝ ਰਹੇ ਸਕੂਲਾਂ ਵਿੱਚੋਂ ਕਈ ਸਕੂਲਾਂ ਦੇ ਅੱਧਿਓਂ ਵੱਧ ਅਧਿਆਪਕ ਵੋਟਾਂ ਦੇ ਕੰਮ ’ਤੇ ਲਗਾਉਣ ਨਾਲ਼ ਪੜ੍ਹਾਈ ਦੀ ਹਾਲਤ ਹੋਰ ਮੰਦੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕੇਵਲ ਇੱਛੁਕ ਕਰਮਚਾਰੀਆਂ ਨੂੰ ਇਸ ਕੰਮ ’ਤੇ ਲਗਾਇਆ ਜਾਵੇ ਤੇ ਵਿਦਿਆਰਥੀ ਹਿਤਾਂ ਲਈ ਘੱਟ ਤੋਂ ਘੱਟ ਅਧਿਆਪਕਾਂ ਦੀ ਬੀਐੱਲਓ ਡਿਊਟੀ ਲਗਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮਸਲੇ ਤਹਿਤ ਅਗਲੇ ਹਫਤੇ ਪ੍ਰਸ਼ਾਸਨ ਨਾਲ਼ ਮੀਟਿੰਗ ਕੀਤੀ ਜਾਵੇਗੀ।