ਯਾਤਰਾ ’ਤੇ ਜਾਣ ਮੌਕੇ ਸਾਵਧਾਨ ਰਹਿਣ ਲੋਕ ਚਿੰਤਪੁਰਨੀ ਸਾਵਣ ਮੇਲਿਆਂ ਦੌਰਾਨ ਵਧੀ ਹਾਦਸਿਆਂ ਦੀ ਗਿਣਤੀ
Publish Date: Tue, 18 Aug 2026 07:27 PM (IST)
Updated Date: Tue, 18 Aug 2026 07:30 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਚਿੰਤਪੁਰਨੀ ਸਾਵਣ ਮੇਲਿਆਂ ਦੌਰਾਨ ਤਾਜ਼ਾ ਹੀ ਵਾਪਰੇ ਥਾਰ, ਬੱਸ ਤੇ ਬਾਈਕ ਸਵਾਰ ਮੋਗਾ ਦੇ ਦੋ ਨੌਜਵਾਨਾਂ ਦੀ ਮੌਤ ਵਰਗੇ ਦਿਲ ਦਹਿਲਾਊ ਹਾਦਸਿਆਂ ਤੋਂ ਬਾਅਦ ਫਗਵਾੜਾ ਦੇ ਸਮਾਜ ਸੇਵਕਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਚਿੰਤਾ ਪ੍ਰਗਟਾਉਂਦਿਆਂ ਯਾਤਰੀਆਂ ਨੂੰ ਸੁਰੱਖਿਅਤ ਸਫਰ ਬਣਾਉਣ ਲਈ ਯਾਤਰਾ ਦੌਰਾਨ ਵਾਹਨ ਹੌਲੀ ਚਲਾਉਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਚਿੰਤਪੁਰਨੀ ਵਿਖੇ ਸਾਵਣ ਮੇਲਿਆਂ ਦੇ ਚੱਲਦਿਆਂ ਜਿੱਥੇ ਪੰਜਾਬ ’ਚੋਂ ਤੇ ਪੰਜਾਬ ਤੋਂ ਬਾਹਰੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ, ਉੱਥੇ ਹੀ ਵਾਹਨਾਂ ਦੀ ਵਧੀ ਆਵਾਜਾਈ ਕਾਰਨ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਵਾਪਰੇ ਹਾਦਸਿਆਂ ਨੇ ਸ਼ਰਧਾਲੂਆਂ ਤੇ ਸਥਾਨਕ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਜਾਣਕਾਰੀ ਅਨੁਸਾਰ ਮੋਗਾ ਦੇ ਬਾਈਕ ਸਵਾਰ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਤੇਜ਼ ਰਫ਼ਤਾਰ ਨਾਲ ਜਾ ਰਹੀ ਇੱਕ ਥਾਰ ਵੀ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸਾਵਣ ਮੇਲੇ ਦੌਰਾਨ ਪਹਾੜੀ ਸੜਕਾਂ ’ਤੇ ਵਾਹਨ ਚਲਾਉਣ ਸਮੇਂ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਫਗਵਾੜਾ ਦੇ ਸਮਾਜ ਸੇਵਕਾਂ ਨੇ ਚਿੰਤਪੁਰਨੀ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਹਨ ਚਲਾਉਂਦੇ ਸਮੇਂ ਤੇਜ਼ ਰਫ਼ਤਾਰ ਤੋਂ ਬਚਣ ਤੇ ਪਹਾੜੀ ਰਸਤਿਆਂ ’ਤੇ ਖਾਸ ਸਾਵਧਾਨੀ ਵਰਤਣ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਸੜਕਾਂ ’ਤੇ ਵਾਹਨਾਂ ਦੀ ਗਿਣਤੀ ਕਾਫ਼ੀ ਵੱਧ ਜਾਂਦੀ ਹੈ, ਇਸ ਲਈ ਓਵਰਟੇਕ ਕਰਨ ਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਸਮਾਜ ਸੇਵਕਾਂ ਨੇ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਡਰਾਈਵਰ ਵਾਹਨ ਦੀ ਰਫ਼ਤਾਰ ਨੂੰ ਨਿਯੰਤਰਣ ਵਿੱਚ ਰੱਖਣ, ਸੀਟ ਬੈਲਟ ਦੀ ਵਰਤੋਂ ਕਰਨ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਖਾਸ ਤੌਰ ’ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਧਾਰਮਿਕ ਯਾਤਰਾ ਦੌਰਾਨ ਸਟੰਟਬਾਜ਼ੀ, ਤੇਜ਼ ਰਫ਼ਤਾਰ ਤੇ ਖਤਰਨਾਕ ਢੰਗ ਨਾਲ ਵਾਹਨ ਚਲਾਉਣ ਤੋਂ ਪੂਰੀ ਤਰ੍ਹਾਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਸਾਵਣ ਮੇਲੇ ਖੁਸ਼ੀ ਅਤੇ ਸ਼ਰਧਾ ਦਾ ਮੌਕਾ ਹਨ, ਇਸ ਲਈ ਹਰ ਸ਼ਰਧਾਲੂ ਆਪਣੀ ਤੇ ਆਪਣੇ ਨਾਲ ਯਾਤਰਾ ਕਰ ਰਹੇ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦੇਵੇ। ਥੋੜ੍ਹੀ ਜਿਹੀ ਸਾਵਧਾਨੀ ਕੀਮਤੀ ਜ਼ਿੰਦਗੀਆਂ ਨੂੰ ਬਚਾ ਸਕਦੀ ਹੈ ਤੇ ਫਗਵਾੜਾ ਦੇ ਉਕਤ ਸਮਾਜ ਸੇਵੀਆਂ ਨੇ ਯਾਤਰਾ ਦੌਰਾਨ ਐਂਬੂਲੈਂਸ ਨੂੰ ਪਹਿਲ ਦੇ ਆਧਾਰ ’ਤੇ ਅੱਗੇ ਜਾਣ ਦੀ ਅਪੀਲ ਵੀ ਕੀਤੀ ਹੈ।