ਯੂਨੀਵਰਸਿਟੀ ਕਾਲਜ ਮਿੱਠੜਾ ’ਚ ਐੱਨਐੱਸਐੱਸ ਦਿਵਸ ਮਨਾਇਆ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਐਨਐਸਐਸ ਦਿਵਸ ਮਨਾਇਆ
Publish Date: Thu, 24 Sep 2026 06:57 PM (IST)
Updated Date: Thu, 24 Sep 2026 07:00 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ (ਕਪੂਰਥਲਾ) ਵਿਖੇ ਐੱਨਐੱਸਐੱਸ ਦੀਆਂ ਦੋਨੋਂ ਯੂਨਿਟਾਂ ਵੱਲੋਂ ਐੱਨਐੱਸਐੱਸ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਦੀ ਅਗਵਾਈ ਹੇਠ ਤੇ ਪ੍ਰੋਗਰਾਮ ਅਫਸਰ ਡਾ. ਪਰਮਜੀਤ ਕੌਰ ਤੇ ਪਰਮਪ੍ਰੀਤ ਕੌਰ (ਰਾਜਨੀਤੀ ਸ਼ਾਸਤਰ ਵਿਭਾਗ) ਦੀ ਦੇਖ-ਰੇਖ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਾਰੇ ਵਲੰਟੀਅਰਾਂ ਨੇ ਨਿਰਸਵਾਰਥ ਸੇਵਾ ਤੇ ਦੇਸ਼ ਸੇਵਾ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਵਲੰਟੀਅਰਾਂ ਵੱਲੋਂ ਕਾਲਜ ਕੈਂਪਸ ਤੇ ਆਸ-ਪਾਸ ਦੇ ਖੇਤਰ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਆਮ ਲੋਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਤੋਂ ਇਲਾਵਾ ਮਿੱਠੜਾ ਪਿੰਡ ਵਿੱਚ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਕਿਹਾ ਕਿ ਐੱਨਐੱਸਐੱਸ ਦਿਵਸ ਸਿਰਫ ਇੱਕ ਦਿਨ ਦਾ ਜਸ਼ਨ ਨਹੀਂ, ਸਗੋਂ ਸੇਵਾ ਦੀ ਭਾਵਨਾ ਨੂੰ ਜੀਵਨ ਵਿੱਚ ਅਪਣਾਉਣ ਦਾ ਪ੍ਰਣ ਹੈ। ਉਹਨਾਂ ਕਿਹਾ ਕਿ ਐੱਨਐੱਸਐੱਸ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਏਕਤਾ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀ ਹੈ, ਜੋ ਇੱਕ ਚੰਗੇ ਨਾਗਰਿਕ ਬਣਨ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਸਾਰੇ ਵਲੰਟੀਅਰਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਐਨ.ਐਸ.ਐਸ. ਕੋਆਰਡੀਨੇਟਰ ਅਤੇ ਵਿਗਿਆਨ ਵਿਭਾਗ ਦੇ ਮੁਖੀ ਡਾ. ਪਰਮਜੀਤ ਕੌਰ ਨੇ ਕਿਹਾ ਕਿ ਸਾਡੇ ਵਲੰਟੀਅਰਾਂ ਨੇ ਅੱਜ ਜੋ ਉਤਸ਼ਾਹ ਦਿਖਾਇਆ ਹੈ, ਉਹ ਸ਼ਲਾਘਾਯੋਗ ਹੈ ਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਪਿੰਡ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਉਣ ਲਈ ਲਗਾਤਾਰ ਕੰਮ ਕਰਦੇ ਰਹਾਂਗੇ। ਪ੍ਰੋਗਰਾਮ ਦੇ ਅੰਤ ਵਿੱਚ ਪਰਮਪ੍ਰੀਤ ਕੌਰ (ਰਾਜਨੀਤੀ ਸ਼ਾਸਤਰ ਵਿਭਾਗ) ਨੇ ਆਏ ਹੋਏ ਸਾਰੇ ਵਲੰਟੀਅਰਾਂ ਤੇ ਸਟਾਫ ਦਾ ਧੰਨਵਾਦ ਕੀਤਾ।