ਐੱਨਆਰਆਈ ਵੀਰਾਂ ਨੇ ਸਰਕਾਰੀ ਸਕੂਲ ਨੂੰ ਦਿੱਤੇ ਪੱਖੇ ਐੱਨ.ਆਰ.ਆਈ. ਵੀਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਕੀਤੇ ਪੱਖੇ ਭੇਟ
Publish Date: Tue, 08 Sep 2026 07:26 PM (IST)
Updated Date: Tue, 08 Sep 2026 07:28 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਸਿੱਧਵਾਂ ਦੋਨਾਂ : ਸਰਕਾਰੀ ਪ੍ਰਾਇਮਰੀ ਸਕੂਲ ਕਾਹਲਵਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਸਹੂਲਤ ਅਤੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪਰਵਾਸੀ ਭਾਰਤੀ (ਐੱਨਆਰਆਈ) ਵੀਰਾਂ ਵੱਲੋਂ ਸਕੂਲ ਨੂੰ ਨਵੇਂ ਪੱਖੇ ਭੇਟ ਕੀਤੇ ਗਏ। ਇਹ ਨੇਕ ਤੇ ਸ਼ਲਾਘਾਯੋਗ ਸੇਵਾ ਐੱਨਆਰਆਈ ਬਲਵਿੰਦਰ ਸਿੰਘ ਸਰਪੰਚ, ਕੁਲਦੀਪ ਸਿੰਘ ਬਲੱਗਣ ਤੇ ਇੰਦਰਜੀਤ ਸਿੰਘ ਢਿੱਲੋਂ ਵੱਲੋਂ ਕੀਤੀ ਗਈ। ਉਨ੍ਹਾਂ ਵੱਲੋਂ ਸਕੂਲ ਦੀਆਂ ਲੋੜਾਂ ਨੂੰ ਸਮਝਦਿਆਂ ਵਿਦਿਆਰਥੀਆਂ ਲਈ ਇਹ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ਨੰਬਰਦਾਰ ਨਿਰਮਲ ਸਿੰਘ ਢਿੱਲੋਂ, ਹੈੱਡਮਾਸਟਰ ਅਸ਼ਵਨੀ ਗਰੋਵਰ, ਸੁਪਰਵਾਈਜ਼ਰ ਭੁਪਿੰਦਰ ਸਿੰਘ ਭੱਟੀ, ਕੁਲਬੀਰ ਕੌਰ ਪੰਚ, ਗੁਰਦਿਆਲ ਸਿੰਘ ਢਿੱਲੋਂ, ਅਧਿਆਪਕ ਜਸਵੰਤ ਕੁਮਾਰ ਤੇ ਅਧਿਆਪਕਾ ਮਨਜੀਤ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਕੂਲ ਪ੍ਰਸ਼ਾਸਨ ਤੇ ਸਮੂਹ ਸਟਾਫ਼ ਵੱਲੋਂ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸਕੂਲ ਪ੍ਰਸ਼ਾਸਨ ਨੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਕਲਾਸਰੂਮਾਂ ਅੰਦਰ ਪੱਖਿਆਂ ਦੀ ਸਹੂਲਤ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐੱਨਆਰਆਈ ਵੀਰਾਂ ਵੱਲੋਂ ਆਪਣੇ ਪਿੰਡ ਤੇ ਇਲਾਕੇ ਦੇ ਸਕੂਲਾਂ ਨਾਲ ਜੁੜ ਕੇ ਬੱਚਿਆਂ ਦੀ ਸਹੂਲਤ ਲਈ ਕੀਤੇ ਜਾ ਰਹੇ ਉਪਰਾਲੇ ਸਮਾਜ ਲਈ ਪ੍ਰੇਰਣਾਦਾਇਕ ਹਨ।