19 ਨੂੰ ਐੱਨਪੀਐੱਸ ਕਰਮਚਾਰੀ ਫੂਕਣਗੇ ਮੁੱਖ ਮੰਤਰੀ ਦਾ ਪੁਤਲਾ : ਕੋਹਲੀ/ਮੱਲੀ/ਸੰਦੀਪ
19 ਨੂੰ ਐਨਪੀਐਸ ਕਰਮਚਾਰੀ ਫੂਕਣਗੇ ਮੁੱਖ ਮੰਤਰੀ ਪੰਜਾਬ ਦੇ ਪੁਤਲੇ : ਕੋਹਲੀ/ਮੱਲੀ/ਸੰਦੀਪ
Publish Date: Fri, 13 Feb 2026 06:47 PM (IST)
Updated Date: Fri, 13 Feb 2026 06:51 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਤੇ ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਉਲੀਕੇ ਸੰਘਰਸ਼ ਸਬੰਧੀ ਜ਼ਿਲ੍ਹਾ ਪ੍ਰੈੱਸ ਸਕੱਤਰ ਸੀਪੀਐੱਫ਼ ਯੂਨੀਅਨ ਕਪੂਰਥਲਾ ਦੇ ਸੰਦੀਪ ਦੁਰਗਾਪੁਰ, ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਨਰੇਸ਼ ਕੋਹਲੀ ਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਧਰਮਿੰਦਰ ਮੱਲੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਆਪਣੇ ਚੋਣ ਵਾਅਦੇ ਨੂੰ ਲਾਗੂ ਕਰਨ ਵਿਚ ਨਾਕਾਮ ਰਹੀ ਹੈ। ਜਿਹੜਾ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲੀ ਦਾ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਉਸ ਨੂੰ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਲਾਗੂ ਨਹੀਂ ਕਰ ਸਕੀ। ਇਸ ਦੇ ਰੋਸ ਵਜੋਂ ਆਗੂਆਂ ਨੇ ਐਲਾਨ ਕੀਤਾ ਕਿ ਸਰਕਾਰ ਦੀ ਲਗਾਤਾਰ ਚਾਰ ਸਾਲਾਂ ਤੋਂ ਪੈਨਸ਼ਨ ਬਹਾਲੀ ਲਈ ਧਾਰੀ ਸਾਜਸ਼ੀ ਚੁੱਪੀ ਵਿਰੁੱਧ ਹੁਣ ਰੋਹ ਭੜਕ ਗਿਆ ਹੈ, ਜਿਸ ਦੇ ਤਹਿਤ 19 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਦੇ ਅਰਥੀ ਫੂਕ ਮੁਜ਼ਾਹਰੇ ਬਲਾਕ ਤੇ ਜ਼ਿਲ੍ਹਾ ਪੱਧਰ ’ਤੇ ਕੀਤੇ ਜਾਣਗੇ। ਸੰਦੀਪ ਦੁਰਗਾਪੁਰ ਨੇ ਕਿਹਾ ਕਿ ਸਮੂਹ ਐੱਨਪੀਐੱਸ ਕਰਮਚਾਰੀ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵੱਲ ਕੂਚ ਕਰਨਗੇ, ਜਿਸ ਦੇ ਸਬੰਧ ਵਿਚ ਜਥੇਬੰਦੀਆਂ ਦੇ ਆਗੂਆਂ ਨੇ ਬਲਾਕ ਪੱਧਰ ’ਤੇ ਵਿਊਤਬੰਦੀ ਤੇ ਤਿਆਰੀ ਵਿੱਢ ਦਿੱਤੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਗਤ ਰਾਮ ਬਾਗੀ, ਪ੍ਰਿਤਪਾਲ ਸਿੰਘ, ਪਰਮਿੰਦਰ ਸਿੰਘ, ਪ੍ਰਧਾਨ ਜੀਟੀਯੂ ਸੁਖਚੈਨ ਸਿੰਘ ਬੱਧਣ, ਸੂਬਾਈ ਆਗੂ ਜੀਟੀਯੂ ਰਸ਼ਪਾਲ ਸਿੰਘ ਵੜੈਚ, ਹਰਵਿੰਦਰ ਸਿੰਘ ਪ੍ਰਧਾਨ ਡੀਟੀਐੱਫ ਪ੍ਰਦੀਪ ਸਿੰਘ ਟੋਨੀ, ਪ੍ਰਧਾਨ ਅਧਿਆਪਕ ਦਲ ਸੁਖਦਿਆਲ ਸਿੰਘ ਝੰਡ, ਨਿਰਮਲ ਸਿੰਘ ਬੂਲਪੁਰ, ਜਗਮੋਹਨ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ ਔਜਲਾ, ਸੁਰਿੰਦਰ ਸਿੰਘ, ਨਰੇਸ਼ ਕੁਮਾਰ, ਸੂਰਤ ਸਿੰਘ, ਜਗਮੋਹਨ ਸਿੰਘ ਆਦਿ ਹਾਜ਼ਰ ਸਨ।