ਸਾਂਝਾ ਮੁਲਾਜ਼ਮ ਮੰਚ ਤੇ ਫਰੰਟ ਵੱਲੋਂ ਸਰਕਾਰ ਖ਼ਿਲਾਫ਼ ਵੱਡੇ ਸੰਘਰਸ਼ ਦਾ ਐਲਾਨ ਮੁਲਾਜ਼ਮਾਂ ਦੇ ਹੱਕਾਂ ਲਈ ਹੁਣ ਆਰ-ਪਾਰ ਦੀ ਲੜਾਈ, 8 ਸਤੰਬਰ ਤੋਂ ਸਰਕਾਰ ਖ਼ਿਲਾਫ਼ ਵੱਡੇ ਸੰਘਰਸ਼ ਦਾ ਐਲਾਨ
Publish Date: Sun, 30 Aug 2026 09:34 PM (IST)
Updated Date: Sun, 30 Aug 2026 09:37 PM (IST)
ਮੁਲਾਜ਼ਮਾਂ ਦੇ ਹੱਕਾਂ ਲਈ ਹੁਣ 8 ਨੂੰ ਹੋਵੇਗੀ ਆਰ-ਪਾਰ ਦੀ ਲੜਾਈ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਾਂਝਾ ਮੁਲਾਜ਼ਮ ਮੰਚ ਤੇ ਫਰੰਟ ਪੰਜਾਬ ਦੀ ਅੱਜ ਹੋਈ ਅਹਿਮ ਮੀਟਿੰਗ ਵਿੱਚ ਮੁਲਾਜ਼ਮਾਂ ਦੇ ਹੱਕਾਂ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਲਏ ਗਏ ਫੈਸਲਿਆਂ ਦੀ ਸਾਂਝਾ ਮੁਲਾਜ਼ਮ ਫਰੰਟ ਪੰਜਾਬ ਦੀ ਸੁਲਤਾਨਪੁਰ ਲੋਧੀ ਇਕਾਈ ਵੱਲੋਂ ਪੂਰੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜੀਟੀਯੂ ਆਗੂ ਸੁਖਚੈਨ ਸਿੰਘ ਬੱਧਣ, ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਿੰਸੀਪਲ ਕਰਨੈਲ ਸਿੰਘ, ਮਾਸਟਰ ਕੇਡਰ ਯੂਨੀਅਨ ਦੇ ਨਰੇਸ਼ ਕੋਹਲੀ, ਅਧਿਆਪਕ ਦਲ ਦੇ ਮਨਜਿੰਦਰ ਸਿੰਘ, ਸਟਾਫ ਨਰਸਿੰਗ ਐਸੋਸੀਏਸ਼ਨ ਪੰਜਾਬ ਦੀ ਪ੍ਰਧਾਨ ਕੁਲਵਿੰਦਰ ਕੌਰ, ਸਿਹਤ ਵਿਭਾਗ ਦੇ ਸੰਨੀ ਸਹੋਤਾ, ਤਰਲੋਚਨ ਸਿੰਘ, ਬਿਕਰਮਜੀਤ ਸਿੰਘ, ਮਾਸਟਰ ਸੁੱਚਾ ਸਿੰਘ ਮਿਰਜਾਪੁਰ, ਕਾਮਰੇਡ ਗੁਰਚਰਨ ਦਾਸ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਪੱਧਰ ’ਤੇ ਲਏ ਗਏ ਹਰੇਕ ਫੈਸਲੇ ਨੂੰ ਸੁਲਤਾਨਪੁਰ ਲੋਧੀ ਵਿੱਚ ਪੂਰੀ ਤਾਕਤ ਨਾਲ ਲਾਗੂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ਤੇ ਉਨ੍ਹਾਂ ਦੇ ਹੱਕਾਂ ਪ੍ਰਤੀ ਗੰਭੀਰਤਾ ਨਾ ਦਿਖਾਉਣ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਈ ਵਾਰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਮਸਲਿਆਂ ਦਾ ਠੋਸ ਹੱਲ ਕਰਨ ਦੀ ਬਜਾਏ ਸਰਕਾਰ ਵੱਲੋਂ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਹੁਣ ਮੁਲਾਜ਼ਮਾਂ ਕੋਲ ਸੰਘਰਸ਼ ਨੂੰ ਹੋਰ ਤੇਜ਼ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਬਚਿਆ। ਉਨ੍ਹਾਂ ਕਿਹਾ ਕਿ ਸੂਬਾਈ ਮੀਟਿੰਗ ਵਿੱਚ ਲਏ ਫੈਸਲੇ ਅਨੁਸਾਰ 8 ਸਤੰਬਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਮੁਕੰਮਲ ‘ਪੈਨ ਡਾਊਨ’ ਹੜਤਾਲ ਕੀਤੀ ਜਾਵੇਗੀ। ਇਸ ਤੋਂ ਬਾਅਦ 12 ਸਤੰਬਰ ਨੂੰ ਹਰਭਜਨ ਸਿੰਘ ਈਟੀਓ, ਜੈ ਕਿਸ਼ਨ ਸਿੰਘ ਰੋੜੀ, ਸਿਹਤ ਮੰਤਰੀ ਬਲਬੀਰ ਸਿੰਘ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸੇ ਤਰ੍ਹਾਂ 13 ਸਤੰਬਰ ਨੂੰ ਲਾਲ ਚੰਦ ਕਟਾਰੂਚੱਕ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਅਮਨ ਅਰੋੜਾ ਤੇ ‘ਆਪ’ ਪੰਜਾਬ ਪ੍ਰਧਾਨ ਦੇ ਘਰਾਂ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ ਹੈ। 19 ਤੇ 20 ਸਤੰਬਰ ਨੂੰ ਬਾਕੀ ਰਹਿੰਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਕੇ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਜਵਾਬਦੇਹ ਬਣਾਇਆ ਜਾਵੇਗਾ। ਆਗੂਆਂ ਨੇ ਦੱਸਿਆ ਕਿ 30 ਸਤੰਬਰ ਨੂੰ ਚੰਡੀਗੜ੍ਹ ਵਿਖੇ ‘ਮੁਲਾਜ਼ਮ ਵਿਧਾਨ ਸਭਾ’ ਲਗਾਈ ਜਾਵੇਗੀ, ਜਿਸ ਵਿੱਚ ਪੰਜਾਬ ਦੇ 117 ਵਿਧਾਇਕਾਂ ਤੇ 13 ਸੰਸਦ ਮੈਂਬਰਾਂ ਤੋਂ ਮੁਲਾਜ਼ਮਾਂ ਦੇ ਹੱਕਾਂ ਤੇ ਮੰਗਾਂ ਸਬੰਧੀ ਜਵਾਬ-ਤਲਬੀ ਕੀਤੀ ਜਾਵੇਗੀ। ਇਸ ਤੋਂ ਬਾਅਦ 10 ਅਕਤੂਬਰ ਨੂੰ ਸੰਗਰੂਰ ਵਿਖੇ ਪੰਜਾਬ ਪੱਧਰੀ ਮਹਾਂਰੈਲੀ ਕਰਕੇ ਸੰਘਰਸ਼ ਨੂੰ ਹੋਰ ਵਿਸ਼ਾਲ ਰੂਪ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਇਸ ਦੇ ਬਾਵਜੂਦ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਨਾ ਕੀਤਾ ਤਾਂ 21 ਅਤੇ 22 ਅਕਤੂਬਰ ਨੂੰ ਦੋ ਦਿਨਾਂ ਦੀ ਸਮੂਹਿਕ ਛੁੱਟੀ (ਮਾਸ ਲੀਵ) ਲੈ ਕੇ ਆਰ-ਪਾਰ ਦੀ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸੇ ਇੱਕ ਜਥੇਬੰਦੀ ਦੀ ਨਹੀਂ, ਸਗੋਂ ਪੰਜਾਬ ਦੇ ਸਮੁੱਚੇ ਮੁਲਾਜ਼ਮ ਵਰਗ ਦੇ ਹੱਕਾਂ ਦੀ ਲੜਾਈ ਹੈ। ਸੁਖਚੈਨ ਸਿੰਘ ਬੱਧਣ ਤੇ ਹੋਰ ਆਗੂਆਂ ਨੇ ਕਿਹਾ ਕਿ ਪੰਜਾਬ ਪੱਧਰੀ ਮੀਟਿੰਗ ਵਿੱਚ ਜੋ ਵੀ ਫੈਸਲਾ ਲਿਆ ਗਿਆ ਹੈ, ਉਸ ਨੂੰ ਸੁਲਤਾਨਪੁਰ ਲੋਧੀ ਇਕਾਈ ਪੂਰੀ ਤਰ੍ਹਾਂ ਲਾਗੂ ਕਰੇਗੀ ਤੇ ਸੰਘਰਸ਼ ਦੇ ਹਰ ਪੜਾਅ ਵਿੱਚ ਡਟ ਕੇ ਹਮਾਇਤ ਕਰੇਗੀ। ਸਰਕਾਰ ਦੀ ਕਿਸੇ ਵੀ ਧੱਕੇਸ਼ਾਹੀ ਤੋਂ ਮੁਲਾਜ਼ਮ ਡਰਨ ਵਾਲੇ ਨਹੀਂ ਹਨ। ਆਪਣੇ ਹੱਕਾਂ ਦੀ ਰਾਖੀ ਲਈ ਜਿੱਥੇ ਤੱਕ ਵੀ ਸੰਘਰਸ਼ ਕਰਨਾ ਪਿਆ, ਮੁਲਾਜ਼ਮ ਪਿੱਛੇ ਨਹੀਂ ਹਟਣਗੇ ਤੇ ਆਪਣੇ ਜਾਇਜ਼ ਹੱਕ ਲੈ ਕੇ ਹੀ ਰਹਿਣਗੇ। ਆਗੂਆਂ ਨੇ ਸਮੂਹ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਉਹ ਜਥੇਬੰਦਕ ਏਕਤਾ ਨੂੰ ਮਜ਼ਬੂਤ ਕਰਦਿਆਂ ਆਉਣ ਵਾਲੇ ਸੰਘਰਸ਼ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੂੰ ਇਹ ਸਪੱਸ਼ਟ ਸੰਦੇਸ਼ ਦੇਣ ਦਾ ਸਮਾਂ ਆ ਗਿਆ ਹੈ ਕਿ ਮੁਲਾਜ਼ਮਾਂ ਦੇ ਹੱਕਾਂ ਨੂੰ ਦਬਾ ਕੇ ਸਰਕਾਰ ਲੰਮਾ ਸਮਾਂ ਚੁੱਪ ਨਹੀਂ ਕਰਵਾ ਸਕਦੀ।