- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨਸੈਂਟਿਵ ’ਤੇ ਡਾਕਾ ਬਰਦਾਸ਼ਤ ਨਹੀਂ, ਆਰਸੀਐਫ ਇੰਪਲਾਈਜ਼ ਯੂਨੀਅਨ ਦੀ ਹੁੰਕਾਰ

-ਜੁਲਾਈ ਮਹੀਨੇ ਦਾ ਇਨਸੈਂਟਿਵ ਘੱਟ ਆਉਣ ਦੇ ਵਿਰੋਧ ’ਚ ਕੀਤਾ ਰੋਸ ਪ੍ਰਦਰਸ਼ਨ
-ਆਰਸੀਐੱਫ ਕਰਮਚਾਰੀਆਂ ਦਾ ਪ੍ਰਸ਼ਾਸਨ ਨੂੰ 3 ਦਿਨਾਂ ਦਾ ਅਲਟੀਮੇਟਮ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਵਿੱਚ ਜੁਲਾਈ ਮਹੀਨੇ ਦਾ ਇਨਸੈਂਟਿਵ ਘੱਟ ਆਉਣ ਦੇ ਵਿਰੋਧ ਵਿੱਚ ਅੱਜ ਪੂਰੇ ਕਾਰਖਾਨੇ ਦੇ ਮਿਹਨਤੀ ਕਰਮਚਾਰੀ ਇਕਜੁੱਟ ਹੋ ਕੇ ਮੈਦਾਨ ਵਿੱਚ ਉਤਰ ਆਏ। ਆਰਸੀਐੱਫ ਇੰਪਲਾਈਜ਼ ਯੂਨੀਅਨ ਦੀ ਅਗਵਾਈ ਹੇਠ ਕਰਮਚਾਰੀਆਂ ਨੇ ਕਾਰਖਾਨੇ ਵਿੱਚ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦੇ ਹੋਏ ਪ੍ਰਧਾਨ ਮੁੱਖ ਮਕੈਨੀਕਲ ਇੰਜੀਨੀਅਰ ਰਵੀ ਕੁਮਾਰ ਨਰੂਲਾ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਕਰਮਚਾਰੀਆਂ ਦੇ ਹੱਕ ’ਤੇ ਡਾਕਾ ਮਾਰਨ ਦੀ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ। ਕਰਮਚਾਰੀਆਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਨਸੈਂਟਿਵ ਕਰਮਚਾਰੀਆਂ ਦੀ ਮਿਹਨਤ ਦਾ ਹੱਕ ਹੈ ਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਰਮਚਾਰੀਆਂ ਨੇ ਇਕਜੁੱਟ ਹੋ ਕੇ ਪ੍ਰਸ਼ਾਸਨ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕੀਤਾ ਤੇ ਮੰਗ ਕੀਤੀ ਕਿ ਜੁਲਾਈ ਮਹੀਨੇ ਦੇ ਇਨਸੈਂਟਿਵ ਵਿੱਚ ਹੋਈ ਕਮੀ ਨੂੰ ਤੁਰੰਤ ਠੀਕ ਕੀਤਾ ਜਾਵੇ। ਰੋਸ ਪ੍ਰਦਰਸ਼ਨ ਦੌਰਾਨ ਕਰਮਚਾਰੀਆਂ ਦੀ ਏਕਤਾ ਤੇ ਭਾਰੀ ਵਿਰੋਧ ਦੇ ਅੱਗੇ ਪ੍ਰਸ਼ਾਸਨ ਤੇ ਮੁੱਖ ਇੰਜੀਨੀਅਰ ਨੂੰ ਆਪਣੀ ਗਲਤੀ ਮੰਣਨੀ ਪਈ। ਪ੍ਰਸ਼ਾਸਨ ਵੱਲੋਂ ਮੰਨਿਆ ਗਿਆ ਕਿ ਇਨਸੈਂਟਿਵ ਵਿੱਚ ਕਮੀ ਕਾਰਨ ਹੋਈ ਹੈ ਤੇ ਇਸ ਵਿੱਚ ਕਰਮਚਾਰੀਆਂ ਦੀ ਕੋਈ ਗਲਤੀ ਨਹੀਂ ਹੈ। ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਨੇ ਦੋ-ਟੁੱਕ ਸ਼ਬਦਾਂ ਵਿੱਚ ਕਿਹਾ ਕਿ ਕਰਮਚਾਰੀਆਂ ਦੇ ਇਨਸੈਂਟਿਵ ਨਾਲ ਸਬੰਧਤ ਸਮੱਸਿਆ ਨੂੰ ਤੁਰੰਤ ਠੀਕ ਕੀਤਾ ਜਾਵੇ। ਉਨ੍ਹਾਂ ਨੇ ਪ੍ਰਸ਼ਾਸਨ ਨੂੰ 3 ਦਿਨਾਂ ਦਾ ਸਮਾਂ ਦਿੰਦਿਆਂ ਕਿਹਾ ਕਿ ਜੇਕਰ ਤਿੰਨ ਦਿਨਾਂ ਦੇ ਅੰਦਰ ਇਨਸੈਂਟਿਵ ਨੂੰ ਪੂਰੀ ਤਰ੍ਹਾਂ ਸਹੀ ਨਹੀਂ ਕੀਤਾ ਗਿਆ ਤੇ ਕਰਮਚਾਰੀਆਂ ਦਾ ਪੂਰਾ ਹੱਕ ਬਹਾਲ ਨਹੀਂ ਕੀਤਾ ਗਿਆ ਤਾਂ ਯੂਨੀਅਨ ਪ੍ਰਸ਼ਾਸਨ ਖ਼ਿਲਾਫ਼ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜ਼ਬੂਰ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਆਰਸੀਐੱਫ ਦੇ ਕਰਮਚਾਰੀਆਂ ਨੇ ਹਮੇਸ਼ਾ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਉਤਪਾਦਨ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕਰਮਚਾਰੀਆਂ ਦੀ ਮਿਹਨਤ ਕਾਰਨ ਹੀ ਕਾਰਖਾਨਾ ਲਗਾਤਾਰ ਆਪਣੇ ਉਤਪਾਦਨ ਟੀਚੇ ਪੂਰੇ ਕਰਦਾ ਹੈ। ਉਨ੍ਹਾਂ ਕਿਹਾ ਕਰਮਚਾਰੀਆਂ ਦੀ ਮਿਹਨਤ ਦੀ ਕਮਾਈ ਤੇ ਇਨਸੈਂਟਿਵ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨੂੰ ਯੂਨੀਅਨ ਬਰਦਾਸ਼ਤ ਨਹੀਂ ਕਰੇਗੀ।
ਅੱਜ ਦੇ ਜ਼ਬਰਦਸਤ ਪ੍ਰਦਰਸ਼ਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਦੋਂ ਆਰਸੀਐੱਫ ਦੇ ਮਿਹਨਤੀ ਕਰਮਚਾਰੀ ਆਪਣੇ ਹੱਕ ਲਈ ਇਕਜੁੱਟ ਹੋ ਕੇ ਖੜ੍ਹੇ ਹੁੰਦੇ ਹਨ ਤਾਂ ਪ੍ਰਸ਼ਾਸਨ ਨੂੰ ਵੀ ਕਰਮਚਾਰੀਆਂ ਦੀ ਆਵਾਜ਼ ਸੁਣਨੀ ਪੈਂਦੀ ਹੈ।