- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਸਾਤ ਦੌਰਾਨ ਵੀ ਮਹਿਲਾਂਵਾਲੀ ਚੋਅ ਦੀ ਸਾਫ-ਸਫਾਈ ਵੱਲ ਕੋਈ ਧਿਆਨ ਨਹੀਂ

ਕਈ ਥਾਵਾਂ ਤੋਂ ਚੋਅ ਦੇ ਬੰਨ੍ਹ ਘਟਾਏ ਜਾਂ ਚੁੱਕੇ ਜਾਣ ਕਾਰਨ ਹੋਰ ਵਧ ਗਿਐ ਖ਼ਤਰਾ
ਗੁਰਪਾਲ ਸਿੰਘ ਪਰਹਾਰ, ਪੰਜਾਬੀ ਜਾਗਰਣ, ਪਾਂਸਟਾ : ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਮੌਸਮ ਵਿਭਾਗ ਵਲੋਂ ਇਸ ਸਾਲ ਭਾਰੀ ਮੀਂਹ ਪੈਣ ਅਤੇ ਹੜ੍ਹ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਜ਼ਮੀਨੀ ਪੱਧਰ 'ਤੇ ਪ੍ਰਸ਼ਾਸਨਿਕ ਅਣਗਹਿਲੀ ਵੀ ਸਾਫ਼ ਦਿਖਾਈ ਦੇ ਰਹੀ ਹੈ। ਜਿਸ ਦੀ ਸਪੱਸ਼ਟ ਉਦਾਹਰਣ ਇਹ ਹੈ ਕਿ ਨਾ ਤਾਂ ਸਰਕਾਰ ਅਤੇ ਨਾ ਹੀ ਸਬੰਧਤ ਵਿਭਾਗ ਵੱਲੋਂ ਇਲਾਕੇ ਅੰਦਰ ਪੈ ਰਹੀ ਚੋਅ ਅਤੇ ਡਰੇਨਾ ਦੀ ਸਾਫ-ਸਫਾਈ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਜਿਸਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਪਾਂਸ਼ਟਾ ਅਤੇ ਆਸ-ਪਾਸ ਦੇ ਖੇਤਰ 'ਚੋਂ ਲੰਘਦੀ ਬਿਸਤ-ਦੁਆਬ ਨਹਿਰ ਦੇ ਨਾਲ ਮਹਿਲਾਂਵਾਲੀ ਚੋਅ, ਡਰੇਨਾਂ ਅਤੇ ਨਾਲੇ ਗੁਜ਼ਰਦੇ ਹਨ। ਜਿਨ੍ਹਾਂ 'ਚ ਆਸਪਾਸ ਦੇ ਅਨੇਕਾਂ ਪਿੰਡਾਂ ਦੇ ਖੇਤਾਂ ਦਾ ਪਾਣੀ ਅਤੇ ਪਿੱਛਿਓਂ ਆਉਂਦਾ ਬਰਸਾਤੀ ਪਾਣੀ ਪੈਂਦਾ ਹੈ ਪ੍ਰੰਤੂ ਉਕਤ ਚੋਅ ਦੀ ਸਹੀ ਤਰੀਕੇ ਸਾਫ-ਸਫਾਈ ਨਾ ਹੋਣ ਅਤੇ ਕਿਨਾਰਿਆਂ 'ਤੇ ਮਜ਼ਬੂਤ ਬੰਨ੍ਹ ਨਾ ਹੋਣ ਕਾਰਨ ਬਰਸਾਤ ਦੇ ਮੌਸਮ 'ਚ ਇਹ ਕਦੇ ਵੀ ਟੁੱਟ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਪਾਸ਼ਟਾਂ ਅਤੇ ਨਾਲ ਲਗਦੇ ਪਿੰਡ ਨਸੀਰਾਬਾਦ, ਨਰੂੜ, ਮਲਕਪੁਰ, ਬਘਾਣਾ, ਸਾਹਨੀ, ਰਾਮਪੁਰ-ਖਲਿਆਣ, ਪ੍ਰੇਮਪੁਰ, ਰਣਧੀਰਗੜ, ਟਾਂਡਾ-ਬਘਾਣਾ ਆਦਿ ਨੂੰ ਹੜ੍ਹ ਦੀ ਭਰੀ ਮਾਰ ਝੱਲਣੀ ਪਵੇਗੀ।
ਦੱਸਣਯੋਗ ਹੈ ਕਿ ਉਕਤ ਚੋਅ ਗੜ੍ਹਸ਼ੰਕਰ-ਆਦਮਪੁਰ ਸੜਕ ਦੇ ਨਾਲ-ਨਾਲ ਜਾਂਦੀ ਬਿਸਤ-ਦੁਆਬ ਨਹਿਰ ਦੇ ਪਾਸ਼ਟਾਂ 'ਚ ਪੈਂਦੇ ਸਾਈਫਨ ਦੇ ਥੱਲਿਉਂ ਦੀ ਗੁਜ਼ਰਦਾ ਹੈ, ਮੌਜੂਦਾ ਸਮੇਂ ਇਸ ਚੋਅ ਦੇ ਅੰਦਰ ਭਾਰੀ ਮਾਤਰਾ'ਚ ਨੜ੍ਹੇ, ਸਰਕੰਡੇ, ਝਾੜੀਆਂ ਅਤੇ ਦਰੱਖਤ ਉੱਗੇ ਹੋਏ ਹਨ, ਜੋ ਕਿ ਪਿੱਛਿਉਂ ਆ ਰਹੇ ਪਾਣੀ ਦੇ ਕੁਦਰਤੀ ਵਹਾਅ ਨੂੰ ਅੱਗੇ ਜਾਣ ਤੋਂ ਰੋਕਦੇ ਹਨ। ਸਿੱਟੇ ਵਜੋਂ ਅਕਸਰ ਹੀ ਬਰਸਾਤਾਂ 'ਚ ਪਾਣੀ ਪਾਂਸ਼ਟਾ, ਨਸੀਰਾਬਾਦ ਅਤੇ ਮਲਕਪੁਰ ਦੇ ਵਿਚਕਾਰ ਚੋਅ ਦਾ ਬੰਨ੍ਹ ਤੋੜ ਦਿੰਦਾ ਹੈ, ਜਿਸ ਕਾਰਨ ਆਸਪਾਸ ਦੇ ਪਿੰਡਾਂ ਵਿਚ ਹੜ੍ਹ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕਈ ਥਾਵਾਂ ਤੋਂ ਚੋਅ ਦੇ ਬੰਨ ਘਟਾਏ ਜਾਂ ਫਿਰ ਚੁੱਕੇ ਜਾਣ ਕਾਰਨ ਇਹ ਖ਼ਤਰਾ ਹੋਰ ਵੀ ਵਧ ਗਿਆ ਹੈ।
ਆਮ ਲੋਕਾਂ 'ਚ ਇਸ ਗੱਲ ਦਾ ਵੀ ਰੋਸ ਹੈ ਕਿ ਜਦੋਂ ਕਦੇ ਵੀ ਬਰਸਾਤ ਦੌਰਾਨ ਚੋਅ ਦਾ ਬੰਨ੍ਹ ਟੁੱਟਦਾ ਹੈ ਤਾਂ ਸਬੰਧਤ ਵਿਭਾਗ ਦੇ ਉੱਚ ਅਧਿਕਾਰੀ ਅਤੇ ਸਿਆਸੀ ਆਗੂ ਸਿਰਫ ਤੇ ਸਿਰਫ ਵੱਡੇ-ਵੱਡੇ ਆਦੇਸ਼ ਅਤੇ ਦਿਲਾਸੇ ਦੇ ਕੇ ਹੀ ਚਲੇ ਜਾਂਦੇ ਹਨ। ਅਤੇ ਨਵੇਂ ਬਣੇ ਸਥਾਨਕ ਆਗੂ ਵੀ ਆਪਣੀ ਸਿਆਸਤ ਚਮਕਾਉਣ ਵਿਚ ਹੀ ਲੱਗ ਜਾਂਦੇ ਹਨ, ਪ੍ਰੰਤੂ ਬਾਦ ਵਿੱਚ ਆਏ ਕੇ ਕੋਈ ਵੀ ਸਾਰ ਨਹੀਂ ਲੈਂਦਾ। ਉਨ੍ਹਾਂ ਕਿਹਾ ਕਿ ਸ਼ਾਇਦ ਸਰਕਾਰ ਅਤੇ ਪ੍ਰਸ਼ਾਸਨ ਹਾਲੇ ਕਿਸੇ ਵੱਡੀ ਤੇ ਅਣਸੁਖਾਵੀਂ ਘਟਨਾ ਦੀ ਉਡੀਕ ਕਰ ਰਹੇ ਹਨ। ਪਾਂਸ਼ਟਾ ਤੇ ਆਸਪਾਸ ਲਗਦੇ ਪਿੰਡਾਂ ਵਿਚਲੇ ਸੁਹਿਰਦ ਸੱਜਣਾ ਦੀ ਮੰਗ ਹੈ ਕਿ ਸਬੰਧਤ ਵਿਭਾਗ ਦੇ ਉੱਚ ਅਧਿਕਾਰੀ ਤੁਰੰਤ ਹਰਕਤ ਵਿਚ ਆਉਣ ਅਤੇ ਇਸ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਸੰਭਾਵੀ ਖ਼ਤਰੇ ਤੋਂ ਸਮਾਂ ਰਹਿੰਦਿਆਂ ਬਚਾਅ ਹੋ ਸਕੇ।