ਐੱਨਐੱਚਐੱਮ ਯੂਨੀਅਨ ਨੇ ਸਰਕਾਰ ਦੇ ਵਾਅਦਿਆਂ ਦੀ ਸਾੜੀ ਪੰਡ ਐਨਐਚਐਮ ਯੂਨੀਅਨ ਨੇ ਸਰਕਾਰ ਦੇ ਵਾਅਦਿਆਂ ਦੀ ਸਾੜੀ ਪੰਡ
Publish Date: Wed, 26 Aug 2026 07:42 PM (IST)
Updated Date: Wed, 26 Aug 2026 07:46 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਤੋਂ ਨਾਰਾਜ਼ ਅਤੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਐੱਨਐੱਚਐੱਮ ਕਰਮਚਾਰੀਆਂ ਅਤੇ ਆਮ ਆਦਮੀ ਕਲੀਨਿਕ ਸਟਾਫ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਚੌਕ ਕਪੂਰਥਲਾ ਵਿਖੇ ਸਰਕਾਰ ਦੇ ਵਾਅਦਿਆਂ ਦੀ ਪੰਡ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਰਮਚਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਰਾਮ ਸਿੰਘ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਐੱਨਐੱਚਐੱਮ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਮੰਨਣ ਅਤੇ ਠੇਕਾ ਪ੍ਰਣਾਲੀ ਖ਼ਤਮ ਕਰਨ ਦੇ ਵਾਅਦੇ ਕੀਤੇ ਗਏ ਸਨ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਨੇ ਕਰਮਚਾਰੀਆਂ ਦੀਆਂ ਮੰਗਾਂ ਤੋਂ ਕਿਨਾਰਾ ਕਰ ਲਿਆ। ਉਨ੍ਹਾਂ ਕਿਹਾ ਕਿ ਮੈਡੀਕਲ, ਪੈਰਾ-ਮੈਡੀਕਲ ਅਤੇ ਕਲੈਰੀਕਲ ਸਟਾਫ਼ ਨੂੰ ਸਰਕਾਰ ਨੇ ਦਿਹਾੜੀਦਾਰ ਮਜ਼ਦੂਰਾਂ ਵਾਂਗ ਕੰਮ ਕਰਨ ਲਈ ਮਜਬੂਰ ਕਰ ਰੱਖਿਆ ਹੈ। ਯੂਨੀਅਨ ਆਗੂ ਜਤਿੰਦਰ ਸੰਧੂ ਅਤੇ ਜਗਦੀਪ ਕੁਮਾਰ ਨੇ ਕਿਹਾ ਕਿ ਸਰਕਾਰ ਨੂੰ ਮੁਸ਼ਕਿਲ ਸਮੇਂ ਦੌਰਾਨ ਇਹ ਕਰਮਚਾਰੀ ਯਾਦ ਆ ਜਾਂਦੇ ਹਨ, ਪਰ ਜਦੋਂ ਕਰਮਚਾਰੀ ਆਪਣੇ ਹੱਕਾਂ ਲਈ ਸਰਕਾਰ ਕੋਲ ਜਾਂਦੇ ਹਨ ਤਾਂ ਸਿਰਫ਼ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੇਮਤਲਬ ਮੀਟਿੰਗਾਂ ਤੋਂ ਕਰਮਚਾਰੀ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਆਉਣ ਵਾਲੀਆਂ ਚੋਣਾਂ ਦੌਰਾਨ ਕਰਮਚਾਰੀ ਸਰਕਾਰ ਖ਼ਿਲਾਫ਼ ਪ੍ਰਚਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਲੋਕਾਂ ਨੂੰ ਵੀ ਪੰਜਾਬ ਸਰਕਾਰ ਦੇ ਖੋਖਲੇ ਵਾਅਦਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਵਿਨੈ ਮਲਣ, ਡਾ. ਯੋਗੇਸ਼ ਸਹਿਗਲ, ਵਿਸ਼ਾਲ ਰਾਜ, ਰਾਜੇਸ਼ ਪੁਰੀ, ਪੰਕਜ ਵਾਲੀਆ, ਰਣਜੀਤ ਕੌਰ, ਸੰਤੋਸ਼ ਕੁਮਾਰੀ, ਪ੍ਰਿਯੰਕਾ, ਗੁਰਪ੍ਰੀਤ ਕੌਰ, ਰਿਤੂ, ਗੁਰਵਿੰਦਰ ਸਿੰਘ, ਗੈਰੀ ਸਮੇਤ ਵੱਖ-ਵੱਖ ਬਲਾਕਾਂ ਤੋਂ ਆਏ ਸਟਾਫ਼ ਮੈਂਬਰ ਹਾਜ਼ਰ ਸਨ।