ਫਗਵਾੜਾ ਦੇ ਗਣੇਸ਼ ਮਹਾਉਤਸਵ ਮਾਮਲੇ ’ਚ ਨਵਾਂ ਮੋੜ ਫਗਵਾੜਾ ਦੇ ਗਣੇਸ਼ ਮਹਾਉਤਸਵ ਮਾਮਲੇ ’ਚ ਨਵਾਂ ਮੋੜ
Publish Date: Thu, 24 Sep 2026 09:26 PM (IST)
Updated Date: Thu, 24 Sep 2026 09:27 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਦੇ ਲਾ ਗੇਟ ਸਥਿਤ ਗ੍ਰੀਨ ਵੈਲੀ ਵਿਖੇ ਗਣੇਸ਼ ਮਹਾਉਤਸਵ ਦੌਰਾਨ ਸਾਹਮਣੇ ਆਏ ਮਾਮਲੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ। ਕੁਝ ਦਿਨ ਪਹਿਲਾਂ ਇੱਕ ਨੌਜਵਾਨ ਵੱਲੋਂ ਮੀਡੀਆ ਸਾਹਮਣੇ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਗਏ ਸਨ ਤੇ ਗਣੇਸ਼ ਉਤਸਵ ਦੇ ਪ੍ਰਬੰਧਾਂ ਨੂੰ ਲੈ ਕੇ ਪੈਸਿਆਂ ਦੀ ਮੰਗ ਕੀਤੇ ਜਾਣ ਸਬੰਧੀ ਦਾਅਵੇ ਕੀਤੇ ਗਏ ਸਨ। ਇਸ ਤੋਂ ਬਾਅਦ ਨੌਜਵਾਨ ਵੱਲੋਂ ਪੁਲਿਸ ਅਧਿਕਾਰੀਆਂ ਕੋਲ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫਗਵਾੜਾ ਸ਼ਹਿਰ ਵਿੱਚ ਇਸ ਨੂੰ ਲੈ ਕੇ ਕਾਫ਼ੀ ਚਰਚਾ ਰਹੀ। ਹੁਣ ਇਸ ਮਾਮਲੇ ਵਿੱਚ ਨੌਜਵਾਨ ਰਿਸ਼ੀ ਵਰਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਹੈ। ਰਿਸ਼ੀ ਵਰਮਾ ਦਾ ਕਹਿਣਾ ਹੈ ਕਿ ਗਣੇਸ਼ ਮਹਾਉਤਸਵ ਦੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਉਸ ’ਤੇ ਹੋਣ ਕਾਰਨ ਉਸ ਸਮੇਂ ਉਹ ਕਾਫ਼ੀ ਘਬਰਾਹਟ ਵਿੱਚ ਸੀ ਤੇ ਇਸੇ ਦੌਰਾਨ ਉਸ ਵੱਲੋਂ ਜਲਦਬਾਜ਼ੀ ਵਿੱਚ ਕੁਝ ਬਿਆਨ ਦੇ ਦਿੱਤੇ ਗਏ। ਨੌਜਵਾਨ ਦੇ ਮੁਤਾਬਕ, ਉਸ ਵੱਲੋਂ ਉਸ ਸਮੇਂ ਪੁਲਿਸ ਅਧਿਕਾਰੀਆਂ ’ਤੇ ਪੈਸਿਆਂ ਦੇ ਲੈਣ-ਦੇਣ ਸਬੰਧੀ ਜੋ ਗੱਲਾਂ ਕਹੀਆਂ ਗਈਆਂ ਸਨ, ਉਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਸੀ। ਉਸ ਦਾ ਕਹਿਣਾ ਹੈ ਕਿ ਉਸ ਦਾ ਕਿਸੇ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਨਾਲ ਪੈਸਿਆਂ ਦਾ ਕੋਈ ਲੈਣ-ਦੇਣ ਨਹੀਂ ਹੋਇਆ। ਰਿਸ਼ੀ ਵਰਮਾ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਸਬੰਧੀ ਉਸ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਸਬੰਧ ਵਿੱਚ ਉਹ ਖੁਦ ਡੀਐੱਸਪੀ ਦਫ਼ਤਰ ਜਾ ਕੇ ਆਪਣੇ ਬਿਆਨ ਦਰਜ ਕਰਵਾ ਚੁੱਕਾ ਹੈ। ਉਸ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਪੁਲਿਸ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ ਤੇ ਉਸ ਨੇ ਆਪਣੀ ਸ਼ਿਕਾਇਤ ਵਾਪਸ ਲੈਣ ਦੀ ਗੱਲ ਵੀ ਕਹੀ ਹੈ। ਨੌਜਵਾਨ ਮੁਤਾਬਕ ਉਹ ਫਗਵਾੜਾ ਵਿੱਚ ਪੜ੍ਹਾਈ ਕਰਨ ਲਈ ਆਇਆ ਹੋਇਆ ਹੈ ਤੇ ਉਹ ਕਿਸੇ ਵੀ ਤਰ੍ਹਾਂ ਦੇ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦਾ। ਇਸ ਮੌਕੇ ਤਜਿੰਦਰ ਕੁਮਾਰ ਸਾਬੀ ਨੇ ਵੀ ਮਾਮਲੇ ਸਬੰਧੀ ਆਪਣਾ ਪੱਖ ਰੱਖਦਿਆਂ ਕਿਹਾ ਕਿ ਰਿਸ਼ੀ ਵਰਮਾ ਵੱਲੋਂ ਪਹਿਲਾਂ ਦਿੱਤੀ ਗਈ ਦਰਖਾਸਤ ਤੇ ਬਿਆਨ ਘਬਰਾਹਟ ਤੇ ਜਲਦਬਾਜ਼ੀ ਵਿੱਚ ਦਿੱਤੇ ਗਏ ਸਨ। ਉਨ੍ਹਾਂ ਮੁਤਾਬਕ ਹੁਣ ਨੌਜਵਾਨ ਵੱਲੋਂ ਡੀਐੱਸਪੀ ਦਫ਼ਤਰ ਵਿੱਚ ਆਪਣੇ ਬਿਆਨ ਦਰਜ ਕਰਵਾ ਕੇ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਚਾਹੁੰਦਾ। ਫਿਲਹਾਲ, ਜਿਸ ਮਾਮਲੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਫਗਵਾੜਾ ਵਿੱਚ ਚਰਚਾ ਚੱਲ ਰਹੀ ਸੀ, ਉਸ ਵਿੱਚ ਨੌਜਵਾਨ ਵੱਲੋਂ ਖੁਦ ਸਾਹਮਣੇ ਆ ਕੇ ਆਪਣਾ ਪੱਖ ਰੱਖਣ ਤੋਂ ਬਾਅਦ ਨਵੀਂ ਸਥਿਤੀ ਬਣੀ ਹੈ।