ਹਿਰਾਸਤ ’ਚੋਂ ਭੱਜੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੀ ਵੀ ਹੋਵੇ ਜਾਂਚ ਪੁਲਿਸ ਹਿਰਾਸਤ ਤੋਂ ਭੱਜੇ ਨੌਜਵਾਨ ਦੇ ਮਾਮਲੇ ’ਚ ਨਵਾਂ ਮੋੜ, ਪਿੰਡ ਮੁਹੱਬਲੀਪੁਰ ਵਾਸੀਆਂ ਲਾਏ ਗੰਭੀਰ ਦੋਸ਼
Publish Date: Sat, 08 Aug 2026 09:18 PM (IST)
Updated Date: Sat, 08 Aug 2026 09:20 PM (IST)
-ਪੁਲਿਸ ਹਿਰਾਸਤ ਤੋਂ ਭੱਜੇ ਨੌਜਵਾਨ ਦੇ ਮਾਮਲੇ ’ਚ ਆਇਆ ਨਵਾਂ ਮੋੜ ਪਿੰਡ ਮੁਹੱਬਲੀਪੁਰ ਵਾਸੀਆਂ ਸਖ਼ਤ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੀਤੇ ਦਿਨੀਂ ਚੋਰੀ ਦੇ ਮਾਮਲੇ ਵਿੱਚ ਪੁਲਿਸ ਹਿਰਾਸਤ ਤੋਂ ਭੱਜੇ ਨੌਜਵਾਨ ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਪਿੰਡ ਮੁਹੱਬਲੀਪੁਰ ਵਾਸੀਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਉਕਤ ਨੌਜਵਾਨ ’ਤੇ ਲੰਮੇ ਸਮੇਂ ਤੋਂ ਕਥਿਤ ਤੌਰ ’ਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਹੋਣ ਦੇ ਗੰਭੀਰ ਦੋਸ਼ ਲਗਾਉਂਦਿਆਂ ਪ੍ਰਸ਼ਾਸਨ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਤੇ ਦੋਸ਼ ਸਾਬਤ ਹੋਣ ’ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਉਕਤ ਨੌਜਵਾਨ ਦੀਆਂ ਕਥਿਤ ਗਤੀਵਿਧੀਆਂ ਕਾਰਨ ਪਿੰਡ ਵਿੱਚ ਲੋਕ ਆਪਣੇ ਘਰਾਂ ਤੇ ਕੀਮਤੀ ਸਮਾਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਖ਼ਿਲਾਫ਼ ਲਗਾਤਾਰ ਚੋਰੀਆਂ ਜਾਂ ਹੋਰ ਅਪਰਾਧਿਕ ਗਤੀਵਿਧੀਆਂ ਸਬੰਧੀ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ ਤਾਂ ਉਨ੍ਹਾਂ ਦੀ ਨਿਰਪੱਖ ਜਾਂਚ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਨੌਜਵਾਨ ਦੇ ਪੁਲਿਸ ਹਿਰਾਸਤ ਤੋਂ ਭੱਜਣ ਵਾਲੇ ਦਿਨ ਦੀ ਇੱਕ ਸੀਸੀਟੀਵੀ ਵੀਡੀਓ ਵੀ ਉਨ੍ਹਾਂ ਕੋਲ ਮੌਜੂਦ ਹੈ। ਉਨ੍ਹਾਂ ਮੁਤਾਬਕ ਵੀਡੀਓ ਵਿੱਚ ਨੌਜਵਾਨ ਹਿਰਾਸਤ ਤੋਂ ਨਿਕਲਣ ਉਪਰੰਤ ਆਪਣੇ ਪਿੰਡ ਵੱਲ ਆਉਂਦਾ ਦਿਖਾਈ ਦਿੰਦਾ ਹੈ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਉਹ ਕਥਿਤ ਤੌਰ ’ਤੇ ਆਪਣੇ ਘਰ ਵੀ ਪਹੁੰਚਿਆ ਸੀ ਤੇ ਇਸ ਸਬੰਧੀ ਉਸਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਹੋਣ ਦਾ ਸ਼ੱਕ ਹੈ। ਪਿੰਡ ਵਾਸੀਆਂ ਨੇ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੀ ਭੂਮਿਕਾ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪੁਲਿਸ ਜਾਂਚ ਦੌਰਾਨ ਪਰਿਵਾਰ ਦੇ ਕਿਸੇ ਮੈਂਬਰ ਦੀ ਕਿਸੇ ਅਪਰਾਧ ਵਿੱਚ ਭੂਮਿਕਾ, ਸਹਾਇਤਾ ਜਾਂ ਦੋਸ਼ੀ ਨੂੰ ਪਨਾਹ ਦੇਣ ਸਬੰਧੀ ਕੋਈ ਤੱਥ ਸਾਹਮਣੇ ਆਉਂਦੇ ਹਨ ਤਾਂ ਉਸ ਵਿਅਕਤੀ ਖ਼ਿਲਾਫ਼ ਵੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸੇ ਵੀ ਪੱਖ ਦੇ ਦਾਅਵਿਆਂ ’ਤੇ ਨਿਰਭਰ ਰਹਿਣ ਦੀ ਬਜਾਏ ਸੀਸੀਟੀਵੀ ਫੁਟੇਜ, ਗਵਾਹਾਂ ਅਤੇ ਹੋਰ ਤੱਥਾਂ ਦੇ ਆਧਾਰ ’ਤੇ ਪੂਰੀ ਜਾਂਚ ਕੀਤੀ ਜਾਵੇ । ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਲਿਸ ਹਿਰਾਸਤ ਤੋਂ ਭੱਜੇ ਨੌਜਵਾਨ ਨੂੰ ਜਲਦ ਕਾਬੂ ਕਰਕੇ ਪੂਰੇ ਮਾਮਲੇ ਦੀ ਕਾਨੂੰਨੀ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਪਿੰਡ ਵਿੱਚ ਪਹਿਲਾਂ ਹੋਈਆਂ ਕਥਿਤ ਚੋਰੀਆਂ ਦੀਆਂ ਸ਼ਿਕਾਇਤਾਂ ਦੀ ਵੀ ਪੜਤਾਲ ਕੀਤੀ ਜਾਵੇ। ਇਸ ਮੌਕੇ ਡਾ. ਫੁੰਮਣ ਸਿੰਘ, ਕਿਸਾਨ ਆਗੂ ਮਨਦੀਪ ਸਿੰਘ, ਤਰਜਿੰਦਰ ਸਿੰਘ, ਸਾਬਕਾ ਸਰਪੰਚ ਮਹਿੰਦਰਪਾਲ ਸਿੰਘ, ਮਨਜੀਤ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਸਿੰਘ, ਰੰਗਾ ਸਿੰਘ, ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ,ਰਣਜੀਤ ਸਿੰਘ, ਹਰਨੇਕ ਸਿੰਘ, ਹਰਪਾਲ ਸਿੰਘ, ਮਨਵਿੰਦਰ ਸਿੰਘ, ਬਲਵਿੰਦਰ ਸਿੰਘ ਕੌੜਾ, ਸਰਬਜੀਤ ਸਿੰਘ, ਮਾਸਟਰ ਅਜੀਤ ਸਿੰਘ, ਬਲਜਿੰਦਰ ਕੌਰ, ਸਰਪੰਚ ਕਾਜਲ, ਸੁੱਚਾ ਸਿੰਘ,ਰਾਜ ਕੁਮਾਰੀ, ਮਨਜੀਤ ਕੌਰ, ਰਾਜਵਿੰਦਰ ਕੌਰ ਅਤੇ ਮਨਜੀਤ ਕੌਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।