ਡੱਲਾ ਗੋਲੀਕਾਂਡ ਮਾਮਲੇ ’ਚ ਨਵਾਂ ਮੋੜ : ਡੱਲਾ ਗੋਲੀਕਾਂਡ ਮਾਮਲੇ ’ਚ ਨਵਾਂ ਮੌੜ:
Publish Date: Sun, 12 Jul 2026 08:45 PM (IST)
Updated Date: Sun, 12 Jul 2026 08:45 PM (IST)
ਕਰਨਦੀਪ ਸਿੰਘ ਨੇ ਪੁਲਿਸ ’ਤੇ ਲਗਾਏ ਗੰਭੀਰ ਦੋਸ਼, ਕਿਹਾ- ਚੌਕੀ ਲਿਜਾ ਕੇ ਢਾਇਆ ਤਸ਼ੱਦਦ ਤੇ ਕੀਤੀ ਕੁੱਟਮਾਰ ਨਰਿੰਦਰ ਸਿੰਘ ਖਿੰਡਾ, ਸੌਰਵ ਕੁਮਾਰ ਤੇ ਐੱਸਐੱਚਓ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਬੀਤੇ ਦਿਨੀਂ ਪਿੰਡ ਡੱਲਾ ਦੀ ਦਾਣਾ ਮੰਡੀ ਵਿੱਚ ਹੋਏ ਗੋਲੀ ਕਾਂਡ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਹੈ, ਜਦੋਂ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਉਣ ਵਾਲੇ ਕਰਨਦੀਪ ਸਿੰਘ ਪੁੱਤਰ ਤਰਸੇਮ ਸਿੰਘ ਨਿਵਾਸੀ ਪਿੰਡ ਡੱਲਾ ਨੇ ਪੁਲਿਸ ਕਾਰਵਾਈ ’ਤੇ ਸਵਾਲ ਖੜ੍ਹੇ ਕਰਦਿਆਂ ਗੰਭੀਰ ਦੋਸ਼ ਲਗਾਏ ਹਨ। ਉੱਧਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਰਿੰਦਰ ਸਿੰਘ ਖਿੰਡਾ ਅਤੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸਐੱਚਓ ਸਬ ਇੰਸਪੈਕਟਰ ਦਵਿੰਦਰਪਾਲ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਆਪਣਾ ਪੱਖ ਸਾਹਮਣੇ ਰੱਖਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਵੁਕ ਹੁੰਦੇ ਹੋਏ ਕਰਨਦੀਪ ਸਿੰਘ ਨੇ ਦੱਸਿਆ ਕਿ ਜਿਸ ਰਾਤ ਪਿੰਡ ਡੱਲਾ ਦੀ ਦਾਣਾ ਮੰਡੀ ਵਿੱਚ ਗੋਲੀ ਚੱਲਣ ਦੀ ਘਟਨਾ ਵਾਪਰੀ, ਉਸ ਸਮੇਂ ਉਹ ਮੌਕੇ ’ਤੇ ਮੌਜੂਦ ਨਹੀਂ ਸੀ। ਉਸ ਨੇ ਦੱਸਿਆ ਕਿ ਉਸ ਦੇ ਦੋਸਤ ਮਨਦੀਪ ਦਾ ਫੋਨ ਆਇਆ ਸੀ ਕਿ ਉਸ ਦੇ ਕਿਸੇ ਰਿਸ਼ਤੇਦਾਰ ਨੂੰ ਗੋਲ਼ੀਆਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਲੈ ਕੇ ਜਾਣਾ ਹੈ। ਉਸ ਨੇ ਕਿਹਾ ਕਿ ਉਹ ਆਪਣੇ ਦੋਸਤ ਨਾਲ ਮਿਲ ਕੇ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲੈ ਕੇ ਆਏ, ਜਿੱਥੇ ਡਾਕਟਰਾਂ ਵੱਲੋਂ ਜਵਾਬ ਮਿਲਣ ਤੋਂ ਬਾਅਦ ਉਸ ਨੂੰ ਜਲੰਧਰ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਕਰਨਦੀਪ ਸਿੰਘ ਨੇ ਕਥਿਤ ਦੋਸ਼ ਲਗਾਇਆ ਕਿ ਅਗਲੇ ਦਿਨ ਰਾਤ ਕਰੀਬ 8 ਵਜੇ ਪੁਲਿਸ ਵੱਲੋਂ ਉਸ ਦੇ ਇਕ ਦੋਸਤ ਰਾਹੀਂ ਉਸ ਨੂੰ ਡੱਲਾ ਪੁਲਿਸ ਚੌਕੀ ਬੁਲਾਇਆ ਗਿਆ। ਉੱਥੇ ਪਿੰਡ ਦੇ ਕੁਝ ਵਿਅਕਤੀਆਂ ਨਰਿੰਦਰ ਸਿੰਘ ਖਿੰਡਾ, ਓਂਕਾਰ ਸਿੰਘ ਅਤੇ ਇੱਕ ਆੜ੍ਹਤੀਏ ਦੀ ਸ਼ਹਿ ’ਤੇ ਉਸ ਨਾਲ ਪੁਲਿਸ ਚੌਕੀ ਚ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਮਾਰ ਕੀਤੀ ਗਈ। ਕਰਨਦੀਪ ਸਿੰਘ ਨੇ ਕਿਹਾ ਕਿ ਉਸ ਤੋਂ ਇੱਕ ਬਿਆਨ ’ਤੇ ਦਸਤਖਤ ਵੀ ਕਰਵਾਏ ਗਏ, ਜਦਕਿ ਗੋਲੀਬਾਰੀ ਦੀ ਘਟਨਾ ਸਮੇਂ ਉਹ ਮੌਕੇ ’ਤੇ ਮੌਜੂਦ ਨਹੀਂ ਸੀ। ਉਸ ਨੇ ਕਥਿਤ ਦੋਸ਼ ਲਗਾਇਆ ਕਿ ਉਸ ਦੇ ਬਿਆਨਾਂ ਨਾਲ ਛੇੜਛਾੜ ਕਰ ਕੇ ਕੁਝ ਵਿਅਕਤੀਆਂ ਨੂੰ ਬਾਹਰ ਕੱਢਣ ਅਤੇ ਕੁਝ ਦੇ ਨਾਂ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਰਨਦੀਪ ਸਿੰਘ ਨੇ ਕਿਹਾ ਕਿ ਉਹ ਇਨਸਾਫ਼ ਦੀ ਮੰਗ ਨੂੰ ਲੈ ਕੇ ਮੀਡੀਆ ਸਾਹਮਣੇ ਆਇਆ ਹੈ। ਉਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਸ ਦੇ ਖਿਲਾਫ਼ ਕੋਈ ਨਾਜਾਇਜ਼ ਪਰਚਾ ਦਰਜ ਕੀਤਾ ਗਿਆ ਤਾਂ ਇਸ ਦੀ ਜ਼ਿੰਮੇਵਾਰੀ ਡੱਲਾ ਚੌਕੀ ਤੇ ਸੁਲਤਾਨਪੁਰ ਲੋਧੀ ਪੁਲਿਸ ਦੀ ਹੋਵੇਗੀ। ਖਿੰਡਾ ਤੇ ਸੌਰਵ ਕੁਮਾਰ ਨੇ ਦੋਸ਼ਾਂ ਨੂੰ ਕੀਤਾ ਖ਼ਾਰਜ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਰਿੰਦਰ ਸਿੰਘ ਖਿੰਡਾ ਤੇ ਸੌਰਵ ਕੁਮਾਰ ਨੇ ਕਰਨਦੀਪ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ ਅਤੇ ਰਾਜਨੀਤਕ ਰੰਜਿਸ਼ ਤਹਿਤ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁੱਟਮਾਰ ਦੇ ਦੋਸ਼ਾਂ ਬਾਰੇ ਉਹਨਾਂ ਕਿਹਾ ਕਿ ਚੌਕੀ ਵਿੱਚ ਕਰਨਦੀਪ ਸਿੰਘ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਕੁੱਟਮਾਰ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਚੌਕੀ ਪਹੁੰਚੇ ਤਾਂ ਕਰਨਦੀਪ ਸਿੰਘ ਪਹਿਲਾਂ ਤੋਂ ਉੱਥੇ ਮੌਜੂਦ ਸੀ। ਉਨ੍ਹਾਂ ਨੇ ਸਿਰਫ ਉਸ ਦਾ ਹਾਲ-ਚਾਲ ਪੁੱਛਿਆ ਅਤੇ ਉਸ ਦੇ ਪਹਿਲਾਂ ਚੱਲ ਰਹੇ ਮਾਮਲੇ ਬਾਰੇ ਗੱਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਉਸ ਸਮੇਂ ਚੌਕੀ ਵਿੱਚ 40 ਤੋਂ 50 ਵਿਅਕਤੀ ਮੌਜੂਦ ਸਨ, ਜੋ ਇਸ ਗੱਲ ਦੇ ਗਵਾਹ ਹਨ ਕਿ ਕੋਈ ਕੁੱਟਮਾਰ ਨਹੀਂ ਹੋਈ। ਬਿਆਨ ਆਪਣੀ ਮਰਜ਼ੀ ਨਾਲ ਦਰਜ ਹੋਏ : ਐੱਸਐੱਚਓ ਇਸ ਮਾਮਲੇ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਐੱਸਐੱਚਓ ਸਬ-ਇੰਸਪੈਕਟਰ ਦਵਿੰਦਰ ਪਾਲ ਨੇ ਦੱਸਿਆ ਕਿ ਕਰਨਦੀਪ ਸਿੰਘ ਆਪਣੇ ਦੋਸਤ ਨਾਲ ਪੁਲਿਸ ਚੌਕੀ ਆਇਆ ਸੀ ਅਤੇ ਉਸ ਨੇ ਆਪਣੀ ਮਰਜ਼ੀ ਨਾਲ ਬਿਆਨ ਦਰਜ ਕਰਵਾਏ ਸਨ। ਐੱਸਐੱਚਓ ਨੇ ਸਪੱਸ਼ਟ ਕੀਤਾ ਕਿ ਪੁਲਿਸ ਵੱਲੋਂ ਕਿਸੇ ਵੀ ਵਿਅਕਤੀ ਨਾਲ ਕੁੱਟਮਾਰ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਕਰਨਦੀਪ ਸਿੰਘ ਨੂੰ ਆਪਣੇ ਦਰਜ ਬਿਆਨਾਂ ਸਬੰਧੀ ਕੋਈ ਇਤਰਾਜ਼ ਹੈ ਤਾਂ ਉਹ ਦੁਬਾਰਾ ਪੁਲਿਸ ਕੋਲ ਆਪਣਾ ਪੱਖ ਰੱਖ ਸਕਦਾ ਹੈ, ਜਿਸ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ।