- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕਾਂ ਨੂੰ ਗੈਰ-ਵਿੱਦਿਅਕ ਕੰਮਾਂ ਤੋਂ ਮੁਕਤ ਕਰ ਕੇ ਸਿੱਖਿਆ ਲਈ ਸੁਖਾਵਾਂ ਮਹੌਲ ਦੇਣ ਦੀ ਲੋੜ : ਕੁਲਦੀਪ ਸਿੰਘ

ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਹਰ ਸਾਲ 5 ਸਤੰਬਰ ਦੇਸ਼ ਭਰ ਵਿਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਸਕੂਲਾਂ ਤੇ ਵਿੱਦਿਅਕ ਸੰਸਥਾਵਾਂ ਵਿਚ ਸਮਾਗਮ ਕਰਵਾਏ ਜਾਂਦੇ ਹਨ ਤੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਤ ਕੀਤਾ ਜਾਂਦਾ ਹੈ ਪਰ ਅਧਿਆਪਕ ਦਾ ਸਨਮਾਨ ਸਿਰਫ ਇਕ ਦਿਨ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਸਾਲ ਦੇ ਹਰ ਦਿਨ ਅਧਿਆਪਕ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਮਿਲਣਾ ਚਾਹੀਦਾ ਹੈ। ਇਹ ਵਿਚਾਰ ਕੌਂਸਲਰ ਕੁਲਦੀਪ ਸਿੰਘ ਨੇ ਪ੍ਰਗਟ ਕੀਤੇ। ਕੁਲਦੀਪ ਸਿੰਘ ਨੇ ਕਿਹਾ ਕਿ ਅਧਿਆਪਕ ਦਾ ਸਮਾਜ ਵਿਚ ਹਮੇਸ਼ਾ ਹੀ ਸਤਿਕਾਰਯੋਗ ਸਥਾਨ ਰਿਹਾ ਹੈ। ਅੱਜ ਤੋਂ 20-25 ਸਾਲ ਪਹਿਲਾਂ ਬੱਚੇ ਅਧਿਆਪਕ ਨੂੰ ਸਿਰਫ ਪੜ੍ਹਾਉਣ ਵਾਲਾ ਵਿਅਕਤੀ ਨਹੀਂ, ਸਗੋਂ ਆਪਣਾ ਗੁਰੂ ਮੰਨਦੇ ਸਨ। ਉਨ੍ਹਾਂ ਕਿਹਾ ਕਿ ਬਦਲਦੇ ਸਮੇਂ ਦੇ ਨਾਲ ਕਈ ਥਾਵਾਂ ’ਤੇ ਅਧਿਆਪਕ ਪ੍ਰਤੀ ਸਤਿਕਾਰ ਦੀ ਭਾਵਨਾ ’ਚ ਕਮੀ ਆਈ ਹੈ। ਬੱਚਿਆਂ ਵਿਚ ਅਨੁਸ਼ਾਸਨ ਤੇ ਅਧਿਆਪਕ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਿਵਸ ਮੌਕੇ ਯੋਗ ਅਧਿਆਪਕਾਂ ਨੂੰ ਐਵਾਰਡ ਅਤੇ ਸਨਮਾਨ ਦੇਣਾ ਚੰਗੀ ਪਰੰਪਰਾ ਹੈ ਪਰ ਅਸਲ ਸਨਮਾਨ ਸਿਰਫ ਸਰਟੀਫਿਕੇਟ ਜਾਂ ਮੰਚ ਤੇ ਸਨਮਾਨ ਕਰਨ ਨਾਲ ਨਹੀਂ ਹੁੰਦਾ। ਅਧਿਆਪਕ ਦਾ ਅਸਲ ਸਨਮਾਨ ਉਸ ਵੇਲੇ ਹੋਵੇਗਾ ਜਦੋਂ ਉਸ ਨੂੰ ਬਿਨਾਂ ਬੇਲੋੜੇ ਦਬਾਅ ਦੇ ਪੜ੍ਹਾਉਣ ਦਾ ਮੌਕਾ ਮਿਲੇਗਾ।
ਕੁਲਦੀਪ ਸਿੰਘ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਅਧਿਆਪਕਾਂ ਨੂੰ ਬੇਲੋੜੇ ਗੈਰ-ਵਿੱਦਿਅਕ ਕੰਮਾਂ ਤੋਂ ਮੁਕਤ ਕੀਤਾ ਜਾਵੇ ਤੇ ਉਨ੍ਹਾਂ ਨੂੰ ਸਿਰਫ ਸਿੱਖਿਆ ਦੇ ਕੰਮ ਤੇ ਕੇਂਦਰਿਤ ਕਰਨ ਲਈ ਸੁਖਾਵਾਂ ਮਾਹੌਲ ਦਿੱਤਾ ਜਾਵੇ। ਗੈਰ-ਵਿੱਦਿਅਕ ਕੰਮਾਂ ਲਈ ਵੱਖਰੇ ਪ੍ਰਬੰਧ ਦੀ ਲੋੜ ਹੈ, ਤਾਂ ਜੋ ਅਧਿਆਪਕ ਆਪਣਾ ਪੂਰਾ ਸਮਾਂ ਵਿਦਿਆਰਥੀਆਂ ਦੀ ਸਿੱਖਿਆ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਦੇ ਸਕਣ।