- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਰਾਤੇ 2026: 11 ਅਕਤੂਬਰ ਤੋਂ ਸ਼ੁਰੂ ਹੋਵੇਗਾ ਸ਼ਕਤੀ ਉਪਾਸਨਾ ਦਾ ਮਹਾਪੁਰਬ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਸਰਦ ਰੁੱਤ ਦੇ ਨਰਾਤਿਆਂ ਦਾ ਪਵਿੱਤਰ ਤਿਉਹਾਰ ਇਸ ਸਾਲ ਐਤਵਾਰ, 11 ਅਕਤੂਬਰ 2026 ਤੋਂ ਸ਼ੁਰੂ ਹੋ ਰਿਹਾ ਹੈ। ਨੌਂ ਦਿਨਾਂ ਤੱਕ ਚੱਲਣ ਵਾਲੇ ਇਸ ਸ਼ਕਤੀ ਉਪਾਸਨਾ ਦੇ ਮਹਾਪੁਰਬ ਦੌਰਾਨ ਮਾਤਾ ਦੁਰਗਾ ਦੇ ਵੱਖ-ਵੱਖ ਸਰੂਪਾਂ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਇਸ ਸਾਲ ਤਿਥੀਆਂ ਦੇ ਕਾਰਨ ਨਰਾਤਿਆਂ ਦੇ ਨੌਂ ਸਰੂਪਾਂ ਦੀ ਪੂਜਾ 11 ਤੋਂ 19 ਅਕਤੂਬਰ ਤੱਕ ਹੋਵੇਗੀ, ਜਦਕਿ ਵਿਜੇ ਦਸ਼ਮੀ ਦੁਸਹਿਰਾ 20 ਅਕਤੂਬਰ ਨੂੰ ਮਨਾਇਆ ਜਾਵੇਗਾ। ਜੋਤਿਸ਼ ਆਚਾਰੀਆ, ਸੈਲੀਬ੍ਰਿਟੀ ਐਸਟ੍ਰੋਲੋਜਰ ਤੇ ਵਾਸਤੂ ਮਾਹਿਰ ਡਾ. ਅਮਰਜੀਤ ਗੋਗਨਾ ਨੇ ਦੱਸਿਆ ਕਿ ਨਰਾਤੇ ਸਿਰਫ਼ ਵਰਤ ਰੱਖਣ ਦਾ ਤਿਉਹਾਰ ਨਹੀਂ ਹੈ, ਸਗੋਂ ਇਹ ਮਨ, ਘਰ ਤੇ ਜੀਵਨ ਵਿੱਚ ਅਨੁਸ਼ਾਸਨ, ਪਵਿੱਤਰਤਾ ਤੇ ਸਕਾਰਾਤਮਕਤਾ ਲਿਆਉਣ ਦਾ ਵੀ ਇੱਕ ਮਹੱਤਵਪੂਰਨ ਮੌਕਾ ਹੈ। ਇਨ੍ਹਾਂ ਦਿਨਾਂ ਵਿੱਚ ਸ਼ਰਧਾ ਨਾਲ ਮਾਤਾ ਦੁਰਗਾ ਦੀ ਉਪਾਸਨਾ ਕਰਨ, ਸਾਤਵਿਕ ਜੀਵਨ ਜਿਊਣ, ਸੇਵਾ ਤੇ ਸੰਜਮ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ।
ਘਟਸਥਾਪਨਾ ਦਾ ਸ਼ੁਭ ਮੁਹੂਰਤ
ਨਵੀਂ ਦਿੱਲੀ ਦੇ ਪੰਚਾਂਗ ਅਨੁਸਾਰ 11 ਅਕਤੂਬਰ ਨੂੰ ਘਟਸਥਾਪਨਾ ਦਾ ਮੁੱਖ ਸ਼ੁਭ ਮੁਹੂਰਤ ਸਵੇਰੇ 6 ਵੱਜ ਕੇ 19 ਮਿੰਟ ਤੋਂ 10 ਵੱਜ ਕੇ 12 ਮਿੰਟ ਤੱਕ ਰਹੇਗਾ। ਇਸ ਤੋਂ ਇਲਾਵਾ ਅਭਿਜੀਤ ਮੁਹੂਰਤ ਸਵੇਰੇ 11 ਵੱਜ ਕੇ 44 ਮਿੰਟ ਤੋਂ ਦੁਪਹਿਰ 12 ਵੱਜ ਕੇ 31 ਮਿੰਟ ਤੱਕ ਰਹੇਗਾ। ਪ੍ਰਤਿਪਦਾ ਤਿਥੀ 10 ਅਕਤੂਬਰ ਦੀ ਰਾਤ 9 ਵੱਜ ਕੇ 19 ਮਿੰਟ ਤੋਂ ਸ਼ੁਰੂ ਹੋ ਕੇ 11 ਅਕਤੂਬਰ ਦੀ ਰਾਤ 9 ਵੱਜ ਕੇ 30 ਮਿੰਟ ਤੱਕ ਰਹੇਗੀ। ਸ਼ਹਿਰ ਅਨੁਸਾਰ ਸ਼ੁਭ ਮੁਹੂਰਤ ਵਿੱਚ ਕੁਝ ਮਿੰਟਾਂ ਦਾ ਅੰਤਰ ਹੋ ਸਕਦਾ ਹੈ। ਇਸ ਲਈ ਪੂਜਾ ਆਪਣੇ ਸਥਾਨਕ ਪੰਚਾਂਗ ਅਨੁਸਾਰ ਕਰਨੀ ਉਚਿਤ ਰਹੇਗੀ।
ਦੋ ਦਿਨ ਰਹੇਗੀ ਸਪਤਮੀ ਤਿਥੀ
11 ਅਕਤੂਬਰ ਨੂੰ ਘਟਸਥਾਪਨਾ ਤੇ ਮਾਤਾ ਸ਼ੈਲਪੁੱਤਰੀ ਦੀ ਪੂਜਾ ਨਾਲ ਨਰਾਤਿਆਂ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਬਾਅਦ ਕ੍ਰਮਵਾਰ ਮਾਤਾ ਬ੍ਰਹਮਚਾਰਿਣੀ, ਚੰਦਰਘੰਟਾ, ਕੁਸ਼ਮਾਂਡਾ, ਸਕੰਦਮਾਤਾ, ਕਾਤਿਆਇਨੀ, ਕਾਲਰਾਤਰੀ ਅਤੇ ਮਹਾਗੌਰੀ ਸਮੇਤ ਮਾਤਾ ਦੁਰਗਾ ਦੇ ਵੱਖ-ਵੱਖ ਸਰੂਪਾਂ ਦੀ ਪੂਜਾ ਕੀਤੀ ਜਾਵੇਗੀ। ਇਸ ਵਾਰ ਸਪਤਮੀ ਤਿਥੀ ਵਿੱਚ ਵਾਧਾ ਹੋਣ ਕਾਰਨ 18 ਅਕਤੂਬਰ ਨੂੰ ਵੀ ਸਪਤਮੀ ਤਿਥੀ ਰਹੇਗੀ। 19 ਅਕਤੂਬਰ ਨੂੰ ਦੁਰਗਾ ਅਸ਼ਟਮੀ, ਮਹਾਗੌਰੀ ਪੂਜਾ ਤੇ ਮਹਾਨਵਮੀ ਨਾਲ ਸਬੰਧਤ ਪ੍ਰਮੁੱਖ ਧਾਰਮਿਕ ਰਸਮਾਂ ਕੀਤੀਆਂ ਜਾਣਗੀਆਂ। 20 ਅਕਤੂਬਰ ਨੂੰ ਨਵਮੀ ਹਵਨ, ਵਰਤ ਖੋਲ੍ਹਣ ਦੀ ਰਸਮ, ਦੁਰਗਾ ਵਿਸਰਜਨ ਤੇ ਵਿਜੇ ਦਸ਼ਮੀ ਨਾਲ ਸਬੰਧਤ ਧਾਰਮਿਕ ਰਸਮਾਂ ਨਿਭਾਈਆਂ ਜਾਣਗੀਆਂ।
ਘਰ ਵਿੱਚ ਕਿਵੇਂ ਕਰੀਏ ਨਰਾਤੇ ਦੀ ਪੂਜਾ
ਡਾ. ਅਮਰਜੀਤ ਗੋਗਨਾ ਅਨੁਸਾਰ ਸਭ ਤੋਂ ਪਹਿਲਾਂ ਪੂਜਾ ਸਥਾਨ ਦੀ ਚੰਗੀ ਤਰ੍ਹਾਂ ਸਫ਼ਾਈ ਕਰਕੇ ਉਸ ਨੂੰ ਵਿਵਸਥਿਤ ਕਰਨਾ ਚਾਹੀਦਾ ਹੈ। ਸੰਭਵ ਹੋਵੇ ਤਾਂ ਘਰ ਦੇ ਈਸ਼ਾਨ ਕੋਣ ਜਾਂ ਕਿਸੇ ਸਾਫ਼ ਤੇ ਸ਼ਾਂਤ ਸਥਾਨ ’ਤੇ ਮਾਤਾ ਦੁਰਗਾ ਦੀ ਤਸਵੀਰ ਜਾਂ ਮੂਰਤੀ ਸਥਾਪਤ ਕਰਨੀ ਚਾਹੀਦੀ ਹੈ। ਪਹਿਲੇ ਦਿਨ ਸ਼ੁਭ ਮੁਹੂਰਤ ਵਿੱਚ ਕਲਸ਼ ਸਥਾਪਨਾ ਕੀਤੀ ਜਾਵੇ। ਜਿਨ੍ਹਾਂ ਘਰਾਂ ਵਿੱਚ ਜੌਂ ਬੀਜਣ ਦੀ ਪਰੰਪਰਾ ਹੈ, ਉੱਥੇ ਇਹ ਰਸਮ ਵੀ ਵਿਧੀ ਅਨੁਸਾਰ ਕੀਤੀ ਜਾ ਸਕਦੀ ਹੈ। ਰੋਜ਼ਾਨਾ ਇਸ਼ਨਾਨ ਕਰਨ ਤੋਂ ਬਾਅਦ ਦੀਵਾ ਜਗਾਓ ਅਤੇ ਮਾਤਾ ਨੂੰ ਫੁੱਲ, ਫਲ ਅਤੇ ਆਪਣੀ ਪਰੰਪਰਾ ਅਨੁਸਾਰ ਸਾਤਵਿਕ ਭੋਗ ਅਰਪਿਤ ਕਰੋ। ਦੁਰਗਾ ਚਾਲੀਸਾ, ਦੁਰਗਾ ਸਪਤਸ਼ਤੀ ਦੇ ਚੋਣਵੇਂ ਪਾਠ, ਦੇਵੀ ਮੰਤਰ ਜਾਂ ਆਪਣੀ ਸ਼ਰਧਾ ਅਨੁਸਾਰ ਮਾਤਾ ਦੇ ਨਾਮ ਦਾ ਜਾਪ ਕੀਤਾ ਜਾ ਸਕਦਾ ਹੈ। ਸਵੇਰੇ ਜਾਂ ਸ਼ਾਮ ਨੂੰ ਆਰਤੀ ਕਰੋ।
ਜੋਤਿਸ਼ ਦੀ ਨਜ਼ਰ ਤੋਂ ਨਰਾਤੇ
ਡਾ. ਗੋਗਨਾ ਨੇ ਦੱਸਿਆ ਕਿ ਧਾਰਮਿਕ ਤੇ ਜੋਤਿਸ਼ੀ ਪਰੰਪਰਾਵਾਂ ਵਿੱਚ ਨਵਰਾਤਰੀ ਨੂੰ ਸ਼ਕਤੀ ਸਾਧਨਾ ਲਈ ਵਿਸ਼ੇਸ਼ ਸਮਾਂ ਮੰਨਿਆ ਜਾਂਦਾ ਹੈ। ਵਿਅਕਤੀ ਨੂੰ ਆਪਣੀ ਰਾਸ਼ੀ ਜਾਂ ਗ੍ਰਹਿਆਂ ਬਾਰੇ ਡਰ ਪੈਦਾ ਕਰਨ ਵਾਲੇ ਉਪਾਅ ਅਪਣਾਉਣ ਦੀ ਬਜਾਏ ਸਰਲ ਤੇ ਸ਼ਰਧਾਪੂਰਵਕ ਸਾਧਨਾ ਕਰਨੀ ਚਾਹੀਦੀ ਹੈ।
ਰੋਜ਼ਾਨਾ ਮਾਤਾ ਦੁਰਗਾ ਦਾ ਸਿਮਰਨ ਕਰਦੇ ਹੋਏ “ਓਮ ਦੁੰ ਦੁਰਗਾਯੈ ਨਮਹ” ਮੰਤਰ ਦਾ ਸ਼ਰਧਾ ਨਾਲ ਜਾਪ ਕੀਤਾ ਜਾ ਸਕਦਾ ਹੈ। ਆਪਣੀ ਸਮਰੱਥਾ ਅਨੁਸਾਰ ਲਾਲ ਫੁੱਲ, ਫਲ ਜਾਂ ਸਾਤਵਿਕ ਭੋਗ ਅਰਪਿਤ ਕਰੋ। ਲੋੜਵੰਦ ਔਰਤਾਂ ਅਤੇ ਕੰਨਿਆਵਾਂ ਦੀ ਮਦਦ ਨੂੰ ਵੀ ਸਾਧਨਾ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਕਿਸੇ ਵਿਸ਼ੇਸ਼ ਗ੍ਰਹਿ ਦੋਸ਼, ਰਤਨ ਜਾਂ ਔਖੇ ਧਾਰਮਿਕ ਅਨੁਸ਼ਠਾਨ ਨੂੰ ਸਿਰਫ਼ ਸੋਸ਼ਲ ਮੀਡੀਆ ’ਤੇ ਮਿਲੀ ਆਮ ਸਲਾਹ ਦੇ ਆਧਾਰ ’ਤੇ ਨਹੀਂ ਅਪਣਾਉਣਾ ਚਾਹੀਦਾ। ਅਜਿਹੇ ਉਪਾਅ ਵਿਅਕਤੀ ਦੀ ਜਨਮ ਕੁੰਡਲੀ ਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਤੈਅ ਕੀਤੇ ਜਾਣੇ ਚਾਹੀਦੇ ਹਨ।
ਕੋਟਸ
“ਨਰਾਤਿਆਂ ਦੌਰਾਨ ਮਾਤਾ ਦੁਰਗਾ ਦੀ ਪੂਜਾ ਸਿਰਫ਼ ਨੌਂ ਦਿਨਾਂ ਦਾ ਅਨੁਸ਼ਠਾਨ ਬਣ ਕੇ ਨਾ ਰਹਿ ਜਾਵੇ। ਇਨ੍ਹਾਂ ਨੌਂ ਦਿਨਾਂ ਵਿੱਚ ਆਪਣੇ ਵਿਚਾਰਾਂ, ਵਿਵਹਾਰ ਤੇ ਘਰ ਦੇ ਮਾਹੌਲ ਵਿੱਚ ਵੀ ਸਕਾਰਾਤਮਕ ਤਬਦੀਲੀ ਲਿਆਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਜੇਕਰ ਕੰਨਿਆ ਪੂਜਨ ਕਰਦੇ ਹੋ ਤਾਂ ਸਾਲ ਭਰ ਕੰਨਿਆਵਾਂ ਦਾ ਸਤਿਕਾਰ ਕਰੋ। ਜੇਕਰ ਦਾਨ ਕਰਦੇ ਹੋ ਤਾਂ ਦਿਖਾਵੇ ਲਈ ਨਹੀਂ, ਸਗੋਂ ਸੇਵਾ ਦੀ ਭਾਵਨਾ ਨਾਲ ਕਰੋ। ਇਸੇ ਤਰ੍ਹਾਂ ਵਰਤ ਰੱਖਣ ਦੇ ਨਾਲ ਆਪਣੇ ਵਿਚਾਰਾਂ ਤੇ ਬੋਲੀ ’ਤੇ ਵੀ ਸੰਜਮ ਰੱਖੋ।”