ਰੇਲਵੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਹੋਵੇਗਾ ਪ੍ਰਦਰਸ਼ਨ ਰੇਲਵੇ ਕਰਮਚਾਰੀਆਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਆਰ.ਸੀ.ਐੱਫ. ਵਰਕਸ਼ਾਪ ਗੇਟ 'ਤੇ ਹੋਵੇਗਾ ਦੇਸ਼ ਵਿਆਪੀ ਰੋਹ ਪ੍ਰਦਰਸ਼ਨ: ਆਰ.ਸੀ.ਐੱਫ. ਇੰਪਲਾਈਜ਼ ਯੂਨੀਅਨ
Publish Date: Tue, 22 Sep 2026 10:00 PM (IST)
Updated Date: Tue, 22 Sep 2026 10:03 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਸਵੇਰੇ ਡਾ. ਭੀਮ ਰਾਓ ਅੰਬੇਡਕਰ ਚੌਕ, ਵਰਕਸ਼ਾਪ ਗੇਟ ਵਿਖੇ ਆਰਸੀਐੱਫ ਇੰਪਲਾਈਜ਼ ਯੂਨੀਅਨ ਵੱਲੋਂ ਇੰਡੀਅਨ ਰੇਲਵੇ ਇੰਪਲਾਈਜ਼ ਫੈੱਡਰੇਸ਼ਨ ਦੇ ਰਾਸ਼ਟਰੀ ਸੱਦੇ ਤੇ ਇੱਕ ਵਿਆਪਕ ਪੈਂਫਲੇਟ ਵੰਡ ਮੁਹਿੰਮ ਚਲਾਈ ਗਈ। ਇਹ ਪੂਰਾ ਪ੍ਰੋਗਰਾਮ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਰੇਲ ਕਰਮਚਾਰੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ, ਕੱਲ੍ਹ ਸਵੇਰੇ ਠੀਕ 7:30 ਵਜੇ ਵਰਕਸ਼ਾਪ ਗੇਟ ਤੇ ਇੱਕ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਰੋਸ ਪ੍ਰਦਰਸ਼ਨ ਸਿਰਫ਼ ਇੱਕ ਯੂਨਿਟ ਤੱਕ ਸੀਮਤ ਨਹੀਂ ਹੈ, ਸਗੋਂ ਇੰਡੀਅਨ ਰੇਲਵੇ ਇੰਪਲਾਈਜ਼ ਫੈੱਡਰੇਸ਼ਨ ਦੇ ਸੱਦੇ ਤੇ ਪੂਰੇ ਭਾਰਤੀ ਰੇਲਵੇ ਵਿੱਚ ਰੇਲ ਕਰਮਚਾਰੀਆਂ ਵੱਲੋਂ ਲਾਮਬੰਦ ਹੋ ਕੇ ਕੀਤਾ ਜਾ ਰਿਹਾ ਹੈ। ਫੈੱਡਰੇਸ਼ਨ ਦੇ ਰਾਸ਼ਟਰੀ ਲੀਡਰਸ਼ਿਪ, ਰਾਸ਼ਟਰੀ ਪ੍ਰਧਾਨ ਅਖਿਲੇਸ਼ ਪਾਂਡੇ ਤੇ ਜਨਰਲ ਸਕੱਤਰ ਸਰਵਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦੇਸ਼ ਭਰ ਦੇ ਰੇਲ ਕਰਮਚਾਰੀ ਆਪਣੀਆਂ ਵੱਖ-ਵੱਖ ਹੱਕੀ ਮੰਗਾਂ ਨੂੰ ਬੁਲੰਦ ਕਰ ਰਹੇ ਹਨ। ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਇਸ ਸਬੰਧ ਵਿੱਚ ਸਖ਼ਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਦੇਸ਼ ਤੇ ਭਾਰਤੀ ਰੇਲਵੇ ਗੰਭੀਰ ਚੁਣੌਤੀਆਂ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ, ਜਿੱਥੇ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਕਰਮਚਾਰੀਆਂ ਦੇ ਅਧਿਕਾਰ ਲਗਾਤਾਰ ਖੋਹੇ ਜਾ ਰਹੇ ਹਨ। ਯੂਨੀਅਨ ਨੇ ਸਮੂਹ ਰੇਲ ਕਰਮਚਾਰੀਆਂ, ਨੌਜਵਾਨਾਂ ਤੇ ਮਿਹਨਤਕਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੱਲ੍ਹ ਸਵੇਰੇ 7:30 ਵਜੇ ਵਰਕਸ਼ਾਪ ਗੇਟ ਤੇ ਭਾਰੀ ਗਿਣਤੀ ਵਿੱਚ ਪਹੁੰਚ ਕੇ ਇਸ ਦੇਸ਼ ਵਿਆਪੀ ਰੋਹ ਪ੍ਰਦਰਸ਼ਨ ਨੂੰ ਇਤਿਹਾਸਕ ਬਣਾਉਣ।