ਆਰਸੀਐੱਫ ’ਚ ਰਾਸ਼ਟਰੀ ਖੇਡ ਦਿਵਸ ਮਨਾਇਆ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਰਾਸ਼ਟਰੀ ਖੇਡ ਦਿਵਸ ਦਾ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਆਯੋਜਨ
Publish Date: Fri, 28 Aug 2026 10:24 PM (IST)
Updated Date: Fri, 28 Aug 2026 10:25 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਵਿਖੇ ਰਾਸ਼ਟਰੀ ਖੇਡ ਦਿਵਸ ਬੜੇ ਉਤਸ਼ਾਹ ਤੇ ਖੇਡ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਰਾਸ਼ਟਰੀ ਖੇਡ ਦਿਵਸ ਹਰ ਸਾਲ 29 ਅਗਸਤ ਨੂੰ ਮਹਾਨ ਭਾਰਤੀ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਵਸ ਦਾ ਉਦੇਸ਼ ਸਾਡੇ ਜੀਵਨ ਵਿੱਚ ਖੇਡਾਂ ਤੇ ਸਰੀਰਕ ਤੰਦਰੁਸਤੀ ਦੀ ਮਹੱਤਤਾ ਨੂੰ ਉਜਾਗਰ ਕਰਨਾ ਵੀ ਹੈ। ਸਮਾਗਮਾਂ ਦੇ ਹਿੱਸੇ ਵਜੋਂ ਆਰਸੀਐੱਫ ਐਸਟਰੋਟਰਫ ਹਾਕੀ ਸਟੇਡੀਅਮ ਵਿਖੇ ਆਰਸੀਐੱਫ ਹਾਕੀ ਅਕੈਡਮੀ ਤੇ ਸੈਨਿਕ ਸਕੂਲ ਕਪੂਰਥਲਾ ਵਿਚਕਾਰ ਇੱਕ ਦੋਸਤਾਨਾ ਹਾਕੀ ਮੈਚ ਖੇਡਿਆ ਗਿਆ। ਬੇਹੱਦ ਰੋਮਾਂਚਕ ਤੇ ਫਸਵੇਂ ਮੁਕਾਬਲੇ ਵਿੱਚ ਆਰਸੀਐੱਫ ਹਾਕੀ ਅਕੈਡਮੀ ਨੇ 4-3 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਸੈਨਿਕ ਸਕੂਲ ਕਪੂਰਥਲਾ ਦੇ ਪ੍ਰਿੰਸੀਪਲ ਗਰੁੱਪ ਕੈਪਟਨ ਆਈ ਮਨੋਜ ਮੈਨਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਜਨਰਲ ਮੈਨੇਜਰ ਅਜੈ ਨੰਦਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਦੀ ਸ਼ੋਭਾ ਵਧਾਈ। ਸੈਨਿਕ ਸਕੂਲ ਕਪੂਰਥਲਾ ਦੇ 250 ਤੋਂ ਵੱਧ ਵਿਦਿਆਰਥੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ, ਆਰਸੀਐੱਫ ਦੇ ਸਾਬਕਾ ਤੇ ਮੌਜੂਦਾ ਖਿਡਾਰੀਆਂ ਤੇ ਖੇਡ ਉਤਸ਼ਾਹੀਆਂ ਨੇ ਰੋਮਾਂਚਕ ਮੈਚ ਦਾ ਆਨੰਦ ਮਾਣਿਆ ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਆਰਸੀਐੱਫ ਦੇ ਕਈ ਓਲੰਪੀਅਨ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਹਾਕੀ, ਐਥਲੈਟਿਕਸ, ਬਾਸਕਟਬਾਲ ਤੇ ਕੁਸ਼ਤੀ ਸਮੇਤ ਵੱਖ-ਵੱਖ ਖੇਡਾਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਤੇ ਪ੍ਰਾਪਤੀਆਂ ਲਈ ਸਨਮਾਨਤ ਕੀਤਾ ਗਿਆ। ਇਸ ਮੌਕੇ ਆਰਸੀਐੱਫ ਸਪੋਰਟਸ ਐਸੋਸੀਏਸ਼ਨ (ਆਰਸੀਐੱਫਐੱਸਏ) ਦੇ ਪ੍ਰਧਾਨ ਕੇਐੱਸ ਅਸਲਾ, ਆਰਸੀਐੱਫਐੱਸਏ ਦੇ ਮੈਂਬਰ, ਸੀਨੀਅਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।