ਥਾਲੀ ਬਦਲੇਗੀ ਤਾਂ ਸਿਹਤ ਬਦਲੇਗੀ : ਡਾ. ਪਰਾਸ਼ਰ ਰਾਸ਼ਟਰੀ ਪੋਸ਼ਣ ਹਫ਼ਤਾ: ਥਾਲੀ ਬਦਲੇਗੀ ਤਾਂ ਸਿਹਤ ਬਦਲੇਗੀ : ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ
Publish Date: Tue, 01 Sep 2026 06:59 PM (IST)
Updated Date: Tue, 01 Sep 2026 07:01 PM (IST)
--ਸੰਤੁਲਿਤ ਤੇ ਪੌਸ਼ਟਿਕ ਖੁਰਾਕ ਸਿਹਤਮੰਦ ਸਮਾਜ ਦੀ ਮਜ਼ਬੂਤ ਨੀਂਹ ਰਾਸ਼ਟਰੀ ਪੋਸ਼ਣ ਹਫ਼ਤੇ ’ਤੇ ਕੀਤਾ ਲੋਕਾਂ ਨੂੰ ਜਾਗਰੂਕ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਰਾਸ਼ਟਰੀ ਪੋਸ਼ਣ ਹਫ਼ਤੇ ਦੇ ਮੌਕੇ ’ਤੇ ਸਿਹਤ ਵਿਭਾਗ ਕਪੂਰਥਲਾ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਸੰਤੁਲਿਤ ਤੇ ਪੌਸ਼ਟਿਕ ਖੁਰਾਕ ਅਪਣਾਉਣ ਤੇ ਸਿਹਤਮੰਦ ਜੀਵਨਸ਼ੈਲੀ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਸਹੀ ਪੋਸ਼ਣ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਗੈਰ-ਸੰਚਾਰੀ ਬਿਮਾਰੀਆਂ ਤੋਂ ਬਚਾਅ ਲਈ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਇਸ ਸਬੰਧੀ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪਰਾਸ਼ਰ ਨੇ ਕਿਹਾ ਕਿ ਰੋਜ਼ਾਨਾ ਖੁਰਾਕ ਸਾਡੇ ਸਰੀਰਕ ਵਿਕਾਸ, ਊਰਜਾ, ਰੋਗ-ਪ੍ਰਤੀਰੋਧਕ ਸਮਰੱਥਾ ਤੇ ਮਾਨਸਿਕ ਤੰਦਰੁਸਤੀ ’ਤੇ ਸਿੱਧਾ ਪ੍ਰਭਾਵ ਪਾਉਂਦੀ ਹੈ। ਸੰਤੁਲਿਤ ਖੁਰਾਕ ਤੇ ਨਿਯਮਤ ਸਰੀਰਕ ਗਤੀਵਿਧੀ ਨੂੰ ਜੀਵਨ ਦਾ ਹਿੱਸਾ ਬਣਾਉਣ ਨਾਲ ਮੋਟਾਪਾ, ਸ਼ੂਗਰ, ਬਲੱਡ ਪ੍ਰੈਸ਼ਰ ਤੇ ਹੋਰ ਕਈ ਗੈਰ-ਸੰਚਾਰੀ ਬਿਮਾਰੀਆਂ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਜੀਵਨਸ਼ੈਲੀ, ਸਰੀਰਕ ਗਤੀਵਿਧੀ ਦੀ ਘਾਟ ਤੇ ਬਹੁਤ ਜ਼ਿਆਦਾ ਪ੍ਰੋਸੈਸਡ ਤੇ ਜੰਕ ਫੂਡ ਦੀ ਵਰਤੋਂ ਕਾਰਨ ਲੋਕਾਂ ਦੀ ਖੁਰਾਕ ਵਿੱਚ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਪੈਦਾ ਹੋ ਰਹੀ ਹੈ। ਇਸ ਲਈ ਹਰ ਉਮਰ ਵਰਗ ਦੇ ਵਿਅਕਤੀ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਲੋੜੀਂਦੇ ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ, ਵਿਟਾਮਿਨ ਤੇ ਖਣਿਜ ਪਦਾਰਥਾਂ ਦਾ ਸੰਤੁਲਿਤ ਮਾਤਰਾ ਵਿੱਚ ਸੇਵਨ ਕਰਨਾ ਚਾਹੀਦਾ ਹੈ। ਡਾ. ਰਾਜੀਵ ਪਰਾਸ਼ਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਾਜ਼ਾਰ ਵਿੱਚ ਉਪਲਬਧ ਤਿਆਰ ਤੇ ਪੈਕ ਕੀਤੇ ਭੋਜਨ ਦੀ ਬਜਾਏ ਤਾਜ਼ਾ, ਸਾਫ਼-ਸੁਥਰਾ ਤੇ ਘਰ ਵਿੱਚ ਤਿਆਰ ਕੀਤਾ ਸੰਤੁਲਿਤ ਭੋਜਨ ਪਹਿਲ ਦੇ ਆਧਾਰ ’ਤੇ ਖਾਣ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਵਿਕਸਿਤ ਕਰਨਾ ਭਵਿੱਖ ਵਿੱਚ ਇੱਕ ਤੰਦਰੁਸਤ ਪੀੜ੍ਹੀ ਦੀ ਨੀਂਹ ਰੱਖਣ ਲਈ ਬਹੁਤ ਜ਼ਰੂਰੀ ਹੈ। --ਸਿਹਤਮੰਦ ਖੁਰਾਕ ਲਈ ਮੁੱਖ ਸੁਝਾਅ * ਸੰਤੁਲਿਤ ਥਾਲੀ ਅਪਣਾਓ : ਰੋਜ਼ਾਨਾ ਖੁਰਾਕ ਵਿੱਚ ਮੌਸਮੀ ਫਲ, ਹਰੀਆਂ ਪੱਤੇਦਾਰ ਸਬਜ਼ੀਆਂ, ਦਾਲਾਂ, ਫਲੀਆਂ, ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਨਾਲ-ਨਾਲ ਪੌਸ਼ਟਿਕ ਮੋਟੇ ਅਨਾਜ ਜਿਵੇਂ ਬਾਜਰਾ, ਜਵਾਰ ਤੇ ਰਾਗੀ ਨੂੰ ਸ਼ਾਮਲ ਕਰੋ। * ਮਾਂ ਤੇ ਬੱਚੇ ਦੀ ਪੋਸ਼ਣ ਸੰਭਾਲ : ਗਰਭਵਤੀ ਮਹਿਲਾਵਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਤੇ ਵਧ ਰਹੇ ਬੱਚਿਆਂ ਦੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਅਨੀਮੀਆ ਤੇ ਕੁਪੋਸ਼ਣ ਦੀ ਸਮੱਸਿਆ ਨੂੰ ਘਟਾਇਆ ਜਾ ਸਕੇ। * ਜੰਕ ਤੇ ਅਲਟਰਾ-ਪ੍ਰੋਸੈਸਡ ਖੁਰਾਕ ਤੋਂ ਪਰਹੇਜ਼ : ਬਹੁਤ ਜ਼ਿਆਦਾ ਤਲੇ ਹੋਏ ਪਦਾਰਥ, ਫਾਸਟ ਫੂਡ, ਮਿੱਠੇ ਤੇ ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ ਦੇ ਨਾਲ-ਨਾਲ ਵਧੇਰੇ ਨਮਕ ਤੇ ਰਿਫਾਈਂਡ ਸ਼ੂਗਰ ਵਾਲੇ ਭੋਜਨ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ। * ਪਾਣੀ ਪੀਣਾ ਤੇ ਸੈਰ ਕਰਨਾ : ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਲੋੜ ਅਨੁਸਾਰ ਪਾਣੀ ਪੀਣਾ ਤੇ ਰੋਜ਼ਾਨਾ ਘੱਟੋ-ਘੱਟ 30 ਮਿੰਟ ਤੇਜ਼ ਚਾਲ ਨਾਲ ਸੈਰ, ਕਸਰਤ ਜਾਂ ਯੋਗਾ ਕਰਨਾ ਸਿਹਤ ਲਈ ਲਾਭਦਾਇਕ ਹੈ।